SHO ਗੁਰਿੰਦਰਜੀਤ ਨਾਗਰਾ ਦੀ ਪੁਸ਼ਤਪਨਾਹੀ ਕੌਣ ਕਰ ਰਿਹੈ, ਇਸਦੀ ਨਿਰਪੱਖ ਜਾਂਚ ਹੋਵੇ: ਅਕਾਲੀ ਦਲ

Top Trending News ਪੰਜਾਬ
  • SHO ਗੁਰਿੰਦਰਜੀਤ ਨਾਗਰਾ ਦੀ ਪੁਸ਼ਤਪਨਾਹੀ ਕੌਣ ਕਰ ਰਿਹੈ, ਇਸਦੀ ਨਿਰਪੱਖ ਜਾਂਚ ਹੋਵੇ: ਅਕਾਲੀ ਦਲ

ਚੰਡੀਗੜ੍ਹ, 18 ਜੁਲਾਈ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਜਿਸਨੂੰ ਅਮਰੀਕੀ ਕਾਨੂੰਨੀ ਏਜੰਸੀਆਂ ਨੇ ਗੈਂਗਸਟਰਾਂ ਨਾਲ ਸੰਬੰਧ ਹੋਣ ਦਾ ਦੋਸ਼ੀ ਠਹਿਰਾਇਆ ਹੈ, ਆਮ ਆਦਮੀ ਪਾਰਟੀ (ਆਪ) ਨਾਲ ਘਿਓ ਖਿੱਚੜੀ ਹੈ ਤੇ ਪਾਰਟੀ ਨੇ ਉਸਦੀ ਪੁਸ਼ਤ ਪਨਾਹੀ ਕਰਨ ਵਾਲੇ ਦਾ ਪਤਾ ਲਾਉਣ ਲਈ ਨਿਰਪੱਖ ਜਾਂਚ ਦੀ ਮੰਗ ਕੀਤੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਨਾਗਰਾ ਨੇ ਹੀ ਪਹਿਲਾਂ ਘਟੀਆ ਸੋਚ ਵਿਖਾਉਂਦਿਆਂ ਆਪ ਦੇ ਚੋਣ ਨਿਸ਼ਾਨ ਝਾੜੂ ਦੀ ਬੇਅਦਬੀ ਕਰਨ ਦਾ ਕੇਸ ਦਰਜ ਕੀਤਾ ਸੀ।

ਉਹਨਾਂ ਕਿਹਾ ਕਿ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਨਾਗਰਾ ਇੰਨਾ ਨੀਵਾਂ ਡਿੱਗ ਗਿਆ। ਉਹਨਾਂ ਕਿਹਾ ਕਿ ਹੁਣ ਜੈਸੇ ਨੂੰ ਤੈਸਾ ਦੀ ਨੀਤੀ ਤਹਿਤ ਉਸਨੂੰ ਮਨਮਰਜ਼ੀ ਕਰਨ ਦੀ ਖੁੱਲ੍ਹ ਦਿੱਤੀ ਗਈ ਤੇ ਉਸਨੇ ਅਮਰੀਕਾ ਰਹਿੰਦੇ ਪੰਜਾਬੀ ਪਰਿਵਾਰ ਤੋਂ ਪੈਸਾ ਉਗਰਾਹੁਣ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਨਾਗਰਾ ਫਿਰੌਤੀ ਵਸੂਲਣ ਦਾ ਧੰਦਾ ਚਲਾ ਰਿਹਾ ਹੈ ਤਾਂ ਇਹ ਪਤਾ ਲਾਉਣਾ ਜ਼ਰੂਰੀ ਹੈ ਕਿ ਉਸਦੀ ਕਿਸਨੇ ਸਿਆਸੀ ਪੁਸ਼ਤਪਨਾਹੀ ਕੀਤੀ ਅਤੇ ਕੀ ਉਸਨੇ ਅਪਰਾਧ ਦੇ ਲੁੱਟ ਦੇ ਪੈਸੇ ਆਪਣੇ ਸਿਆਸੀ ਆਕਾਵਾਂ ਨਾਲ ਸਾਂਝੇ ਕੀਤੇ ਹਨ।

ਐਫ ਬੀ ਆਈ ਵੱਲੋਂ ਨਾਗਰਾ ਨੂੰ ਮੁਲਜ਼ਮ ਬਣਾਏ ਜਾਣ ਨੂੰ ਪੰਜਾਬ ਵਿਚ ਆਪ ਸਰਕਾਰ ਦੇ ਰਾਜਕਾਲ ਦਾ ਝਲਕਾਰਾ ਕਰਾਰ ਦਿੰਦਿਆਂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਇਕ ਪੁਲਿਸ ਇੰਸਪੈਕਟਰ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਲ ਰਲ ਕੇ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਹੀ ਭਗਵਾਨਪੁਰੀਆ ਨੂੰ ਆਸਾਮ ਦੀ ਜੇਲ੍ਹ ਤੋਂ ਪੰਜਾਬ ਲਿਆਂਦਾ ਅਤੇ ਉਸਦੀ ਵਰਤੋਂ ਤਰਨ ਤਾਰਨ ਜ਼ਿਮਨੀ ਚੋਣ ਵਿਚ ਸਿਆਸੀ ਵਿਰੋਧੀਆਂ ਨੂੰ ਡਰਾਉਣ ਧਮਕਾਉਣ ਵਾਸਤੇ ਕੀਤੀ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਭਗਵਾਨਪੁਰੀਆ ਦੇ ਖਿਲਾਫ ਯੂ ਏ ਪੀ ਏ ਦਾ ਕੇਸ ਚਲਾਉਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਕੇ ਵੀ ਉਸਦੀ ਮਦਦ ਕੀਤੀ ਹੈ।

ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਭ ਤੋਂ ਇਹ ਇਸ਼ਾਰਾ ਮਿਲਦਾ ਹੈ ਕਿ ਪੁਲਿਸ ਅਫਸਰਾਂ, ਅਪਰਾਧੀਆਂ ਤੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਦੀ ਮਿਲੀ ਭੁਗਤ ਹੈ। ਉਹਨਾਂ ਕਿਹਾ ਕਿ ਕਿਸੇ ਵੀ ਨਿਰਪੱਖ ਜਾਂਚ ਤੋਂ ਇਸਦਾ ਪਤਾ ਲਗਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਕੋਲ ਹੀ ਗ੍ਰਹਿ ਮੰਤਰਾਲਾ ਹੈ ਤੇ ਉਹ ਪੁਲਿਸ ਵਰਦੀਆਂ ਪਾ ਕੇ ਇਹ ਕੰਮ ਕਰਨ ਵਾਲਿਆਂ ਦੀ ਪਛਾਣ ਕਰਨ ਨਹੀਂ ਤਾਂ ਜਨਤਕ ਹਿੱਤਾਂ ਵਿਚ ਤੁਰੰਤ ਅਸਤੀਫਾ ਦੇਣ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।