PSEB ਵੱਲੋਂ ਵਿਦਿਆਰਥੀਆਂ ਨੂੰ ਵੱਡੀ ਰਾਹਤ; 8ਵੀਂ ਤੋਂ 12ਵੀਂ ਦੇ ਦਾਖ਼ਲੇ ਦੀ ਆਖਰੀ ਮਿਤੀ ਵਧਾਈ

Top Trending News ਪੰਜਾਬ

 

PSEB ਵੱਲੋਂ ਵਿਦਿਆਰਥੀਆਂ ਨੂੰ ਵੱਡੀ ਰਾਹਤ; 8ਵੀਂ ਤੋਂ 12ਵੀਂ ਦੇ ਦਾਖ਼ਲੇ ਦੀ ਆਖਰੀ ਮਿਤੀ ਵਧਾਈ

ਚੰਡੀਗੜ੍ਹ 21 ਜੁਲਾਈ 2026

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਸੂਬੇ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਬੋਰਡ ਵੱਲੋਂ ਸੈਸ਼ਨ 2026-27 ਲਈ 8ਵੀਂ ਤੋਂ 12ਵੀਂ ਸ਼੍ਰੇਣੀ ਦੇ ਦਾਖ਼ਲੇ ਦੀ ਅੰਤਿਮ ਮਿਤੀ ਵਿੱਚ ਮੁੜ ਤੋਂ ਵਾਧਾ ਕਰ ਦਿੱਤਾ ਗਿਆ ਹੈ। ਹੁਣ ਸਕੂਲ ਬਿਨਾਂ ਕਿਸੇ ਪ੍ਰੇਸ਼ਾਨੀ ਦੇ 8 ਅਗਸਤ ਤੱਕ ਦਾਖ਼ਲੇ ਕਰਵਾ ਸਕਣਗੇ।

ਬੋਰਡ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਨਿਰਦੇਸ਼ਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸੂਬੇ ਦੇ ਬਹੁਤ ਸਾਰੇ ਅਧਿਆਪਕਾਂ ਦੀਆਂ ਡਿਊਟੀਆਂ ਵੱਖ-ਵੱਖ ਸਰਕਾਰੀ ਕੰਮਾਂ ਜਿਵੇਂ ਕਿ ਬੀ.ਐੱਲ.ਓ. (BLO), ਐੱਸ.ਆਈ.ਆਰ. (SIR), ਡਰੱਗ ਸਰਵੇ, ਸੈਕਟਰ ਆਫ਼ੀਸਰ ਅਤੇ ਸੁਪਰਵਾਈਜ਼ਰ ਵਜੋਂ ਲਗਾਈਆਂ ਗਈਆਂ ਹਨ।

ਅਧਿਆਪਕਾਂ ਦੇ ਗੈਰ-ਅਧਿਆਪਨ ਕਾਰਜਾਂ ਵਿੱਚ ਰੁੱਝੇ ਹੋਣ ਕਾਰਨ ਦਾਖ਼ਲਾ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਸੀ। ਇਸੇ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਪਹਿਲਾਂ ਤੈਅ ਕੀਤੀ ਗਈ 24 ਜੁਲਾਈ ਦੀ ਆਖਰੀ ਮਿਤੀ ਨੂੰ ਵਧਾ ਕੇ ਹੁਣ 8 ਅਗਸਤ ਕਰ ਦਿੱਤਾ ਗਿਆ ਹੈ।

ਦਾਖ਼ਲੇ ਦੀਆਂ ਮਿਤੀਆਂ ਵਿੱਚ ਵਾਧਾ ਕਰਨ ਦੇ ਨਾਲ-ਨਾਲ ਬੋਰਡ ਨੇ 8ਵੀਂ ਤੋਂ 12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਆਨ-ਲਾਈਨ ਰਜਿਸਟਰੇਸ਼ਨ, ਕੰਟੀਨਿਊਸ਼ਨ ਅਤੇ ਫੀਸ ਜਮ੍ਹਾਂ ਕਰਵਾਉਣ ਦੇ ਨਿਯਮਾਂ ਵਿੱਚ ਵੀ ਲੋੜੀਂਦੀ ਤਬਦੀਲੀ ਕੀਤੀ ਹੈ।

ਯੂਨੀਫਾਈਡ ਸਟੂਡੈਂਟ ਰਜਿਸਟਰੇਸ਼ਨ ਪੋਰਟਲ ‘ਤੇ ਵਿਦਿਆਰਥੀਆਂ ਦੀ ਨਵੀਂ ਐਂਟਰੀ ਹੁਣ ਸਿਰਫ਼ ਵਧੀ ਹੋਈ ਮਿਤੀ ਯਾਨੀ 8 ਅਗਸਤ ਤੱਕ ਹੀ ਕੀਤੀ ਜਾ ਸਕੇਗੀ। ਸਿੱਖਿਆ ਬੋਰਡ ਨੇ ਸੂਬੇ ਦੇ ਸਾਰੇ ਸੰਬੰਧਿਤ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਆਪਣੀ ਸਕੂਲ ਦੀ ਦਾਖ਼ਲਾ ਪ੍ਰਕਿਰਿਆ ਅਤੇ ਆਨ-ਲਾਈਨ ਰਜਿਸਟਰੇਸ਼ਨ ਦਾ ਕੰਮ ਮੁਕੰਮਲ ਕਰ ਲੈਣ, ਤਾਂ ਜੋ ਬਾਅਦ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।