ਭਾਕਿਯੂ ਏਕਤਾ ਡਕੌਂਦਾ ਨੇ ਐੱਸਕੇਐੱਮ ਦੇ ਪ੍ਰੋਗਰਾਮ ਵਿੱਚ 13 ਜ਼ਿਲ੍ਹਿਆਂ ‘ਚ ਕੀਤੀ ਸ਼ਮੂਲੀਅਤ

Top Trending News ਪੰਜਾਬ
  • ਭਾਕਿਯੂ ਏਕਤਾ ਡਕੌਂਦਾ ਨੇ ਐੱਸਕੇਐੱਮ ਦੇ ਪ੍ਰੋਗਰਾਮ ਵਿੱਚ 13 ਜ਼ਿਲ੍ਹਿਆਂ ‘ਚ ਕੀਤੀ ਸ਼ਮੂਲੀਅਤ
  • ਮੁਕਤ ਵਪਾਰ ਸਮਝੌਤੇ ਦਾ ਕਰਾਂਗੇ ਡਟਵਾਂ ਵਿਰੋਧ: ਮਨਜੀਤ ਧਨੇਰ
  • ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਪਰੰਤ ਅਸਤੀਫਾ ਦੇਵੇ: ਗੁਰਦੀਪ ਸਿੰਘ ਰਾਮਪੁਰਾ
  • ਦਿੱਲੀ ਅਤੇ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਤੇ ਕੀਤੇ ਲਾਠੀਚਾਰਜ ਲਈ ਮੋਦੀ ਹਕੂਮਤ ਨੂੰ ਲੋਕ ਮੁਆਫ਼ ਨਹੀਂ ਕਰਨਗੇ: ਹਰਨੇਕ ਮਹਿਮਾ

ਦਲਜੀਤ ਕੌਰ

ਚੰਡੀਗੜ੍ਹ/ਬਰਨਾਲਾ, 22 ਜੁਲਾਈ, 2026: ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਫ਼ੈਸਲੇ ਅਨੁਸਾਰ ਅੱਜ ਸਾਰੇ ਪੰਜਾਬ ਦੇ ਟੋਲ ਪਲਾਜਾ 12 ਵਜੇ ਤੋਂ ਤਿੰਨ ਵਜੇ ਤੱਕ ਫ੍ਰੀ ਕੀਤੇ ਗਏ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਦਿੱਤੇ ਗਏ। ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਅਤੇ ਵਰਕਰਾਂ ਨੇ ਬਰਨਾਲਾ, ਸੰਗਰੂਰ, ਲੁਧਿਆਣਾ, ਮਾਨਸਾ, ਫਰੀਦਕੋਟ, ਮੋਗਾ, ਬਠਿੰਡਾ, ਫਿਰੋਜਪੁਰ, ਫਾਜ਼ਿਲਕਾ, ਕਪੂਰਥਲਾ, ਸ੍ਰੀ ਮੁਕਤਸਰ ਸਾਹਿਬ, ਮਲੇਰ ਕੋਟਲਾ ਅਤੇ ਮੋਹਾਲੀ ਸਮੇਤ 13 ਜ਼ਿਲ੍ਹਿਆਂ ਵਿੱਚ ਇਨ੍ਹਾਂ ਪ੍ਰੋਗਰਾਮਾਂ ‘ਚ ਸ਼ਮੂਲੀਅਤ ਕੀਤੀ।

ਇਨ੍ਹਾਂ ਧਰਨਿਆਂ ਵਿੱਚ ਬੋਲਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਅਮਰੀਕਾ ਨਾਲ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਦੀ ਗੱਲਬਾਤ ਬੰਦ ਕਰੇ। ਆਗੂਆਂ ਨੇ ਕਿਹਾ ਕਿ ਜੇਕਰ ਇਹ ਮੁਕਤ ਵਪਾਰ ਸਮਝੌਤਾ ਲਾਗੂ ਹੋ ਜਾਂਦਾ ਹੈ ਤਾਂ ਭਾਰਤ ਦੀ ਖੇਤੀ, ਪੋਲਟਰੀ ਅਤੇ ਡੇਅਰੀ ਕਿੱਤੇ ਤਬਾਹ ਹੋ ਜਾਣਗੇ ਅਤੇ ਵੱਡੇ ਪੱਧਰ ਤੇ ਬੇਰੁਜ਼ਗਾਰੀ ਛਾ ਜਾਵੇਗੀ।

ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਅਤੇ ਜਥੇਬੰਦਕ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਮਾਲ ਵੇਚਣ ਲਈ ਕੁੱਝ ਛੋਟਾਂ ਹਾਸਲ ਕਰਨ ਵਾਸਤੇ ਅਮਰੀਕਾ ਅੱਗੇ ਝੁਕ ਰਹੀ ਹੈ। ਉਨ੍ਹਾਂ ਨੇ 21 ਜੁਲਾਈ ਨੂੰ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਸ਼ੰਭੂ ਅਤੇ ਖਨੌਰੀ ਬੈਰੀਅਰ ਤੇ ਰੋਕਣ ਅਤੇ ਗ੍ਰਿਫ਼ਤਾਰੀਆਂ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਲੋਕਤੰਤਰ ਦਾ ਘਾਣ ਦੱਸਿਆ।

ਸੂਬਾ ਖਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ, ਮੀਤ ਪ੍ਰਧਾਨ ਹਰੀਸ਼ ਨੱਢਾ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਅਤੇ ਕਰਮਜੀਤ ਸਿੰਘ ਰਾਮ ਨਗਰ ਛੰਨਾਂ ਨੇ ਇਨ੍ਹਾਂ ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਵਿਖੇ ਜੰਤਰ ਮੰਤਰ ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਤੇ ਕੀਤੇ ਲਾਠੀ ਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ।

ਇਨ੍ਹਾਂ ਧਰਨਿਆਂ ਨੂੰ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਲਖਵੀਰ ਸਿੰਘ ਅਕਲੀਆ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਕੁਲਵੰਤ ਸਿੰਘ ਮਾਨ, ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ, ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਜੰਗੀਰ ਸਿੰਘ ਖਹਿਰਾ, ਮਲੇਰਕੋਟਲਾ ਦੇ ਬੂਟਾ ਖਾਨ, ਲੁਧਿਆਣਾ ਦੇ ਜਗਤਾਰ ਸਿੰਘ ਦੇਹੜਕਾ, ਕਪੂਰਥਲਾ ਦੇ ਰਾਣਾ ਹਰਜਿੰਦਰ ਸਿੰਘ ਸੈਦੋਵਾਲ, ਸੰਗਰੂਰ ਦੇ ਜਗਤਾਰ ਸਿੰਘ ਦੁੱਗਾਂ ਅਤੇ ਰਣਧੀਰ ਸਿੰਘ ਭੱਟੀਵਾਲ, ਮੋਹਾਲੀ ਦੇ ਪ੍ਰਦੀਪ ਮੁਸਾਹਿਬ, ਫਾਜ਼ਿਲਕਾ ਦੇ ਹਰਮੀਤ ਸਿੰਘ ਢਾਬਾਂ, ਮੁਕਤਸਰ ਸਾਹਿਬ ਦੇ ਗੁਰਦੀਪ ਸਿੰਘ ਖੁੱਡੀਆਂ, ਫਰੀਦਕੋਟ ਦੇ ਜਸਕਰਨ ਸਿੰਘ ਮੋਰਾਂਵਾਲੀ ਅਤੇ ਮੋਗਾ ਦੇ ਸੁਖਚੈਨ ਸਿੰਘ ਰਾਜੂ ਨੇ ਵੱਖ-ਵੱਖ ਥਾਵਾਂ ਤੇ ਇਹਨਾਂ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ। ਆਗੂਆਂ ਨੇ ਮੋਦੀ ਸਰਕਾਰ ਵੱਲੋਂ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਨ ਦੀ ਸੂਰਤ ਵਿੱਚ ਵਿਸ਼ਾਲ ਅਤੇ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।