CJP Protest: ਸੁਰੱਖਿਆ ਕਾਰਨਾਂ ਕਰਕੇ 16 ਮੇਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ

Top Trending News ਦਿੱਲੀ ਰਾਸ਼ਟਰੀ

 

CJP Protest: ਸੁਰੱਖਿਆ ਕਾਰਨਾਂ ਕਰਕੇ 16 ਮੇਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ

ਨਵੀਂ ਦਿੱਲੀ, 23 ਜੁਲਾਈ 2026

ਰਾਜਧਾਨੀ ਦਿੱਲੀ ਵਿੱਚ ਜੰਤਰ-ਮੰਤਰ ਵਿਖੇ ‘ਕਾਕਰੋਚ ਜੰਤਾ ਪਾਰਟੀ’ (ਸੀਜੇਪੀ) ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਭੀੜ ਦੇ ਕਾਬੂ ਤੋਂ ਬਾਹਰ ਹੋਣ ਅਤੇ ਸੰਭਾਵਿਤ ਸੁਰੱਖਿਆ ਖ਼ਤਰਿਆਂ ਦੇ ਮੱਦੇਨਜ਼ਰ, ਵੀਰਵਾਰ ਸਵੇਰੇ ਅਗਲੇ ਹੁਕਮਾਂ ਤੱਕ ਦਿੱਲੀ ਮੇਟਰੋ ਦੇ 16 ਪ੍ਰਮੁੱਖ ਸਟੇਸ਼ਨਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।

ਦਿੱਲੀ ਮੇਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਦੱਸਿਆ ਕਿ ਜੰਤਰ-ਮੰਤਰ ਉੱਤੇ ਪ੍ਰਦਰਸ਼ਨਕਾਰੀਆਂ ਦੀ ਭਾਰੀ ਭੀੜ ਇਕੱਠੀ ਹੋਣ ਕਾਰਨ ਆਮ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।

ਡੀਐਮਆਰਸੀ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਰਾਜੀਵ ਚੌਕ ਅਤੇ ਸੈਂਟਰਲ ਸਕੱਤਰੇਤ, ਮੰਡੀ ਹਾਊਸ ਅਤੇ ਆਈਟੀਓ, ਖਾਨ ਮਾਰਕੀਟ ਅਤੇ ਜਨਪਥ, ਲੋਕ ਕਲਿਆਣ ਮਾਰਗ ਅਤੇ ਪਟੇਲ ਚੌਕ, ਰਾਮਕ੍ਰਿਸ਼ਨ ਆਸ਼ਰਮ ਮਾਰਗ ਅਤੇ ਬਾਰਾਖੰਭਾ ਰੋਡ, ਸੁਪਰੀਮ ਕੋਰਟ ਅਤੇ ਸੇਵਾ ਤੀਰਥ, ਦਿੱਲੀ ਗੇਟ ਅਤੇ ਇੰਦਰਪ੍ਰਸਥ, ਜੋਰ ਬਾਗ ਅਤੇ ਸ਼ਿਵਾਜੀ ਸਟੇਡੀਅਮ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।

ਹਾਲਾਂਕਿ ਇਹ ਸਾਰੇ 16 ਸਟੇਸ਼ਨ ਬੰਦ ਕੀਤੇ ਗਏ ਹਨ, ਪਰ ਡੀਐਮਆਰਸੀ ਨੇ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਪੱਸ਼ਟ ਕੀਤਾ ਹੈ ਕਿ ਰਾਜੀਵ ਚੌਕ, ਮੰਡੀ ਹਾਊਸ ਅਤੇ ਸੈਂਟਰਲ ਸਕੱਤਰੇਤ ਮੇਟਰੋ ਸਟੇਸ਼ਨਾਂ ਉੱਤੇ ਟਰੇਨਾਂ ਬਦਲਣ ਯਾਨੀ ਕਿ ਇੰਟਰਚੇਂਜ ਦੀ ਸਹੂਲਤ ਜਾਰੀ ਰਹੇਗੀ। ਯਾਤਰੀ ਇੱਥੋਂ ਆਪਣੀ ਲਾਈਨ ਬਦਲ ਸਕਣਗੇ ਪਰ ਉਹਨਾਂ ਨੂੰ ਸਟੇਸ਼ਨ ਦੇ ਬਾਹਰ ਨਿਕਲਣ ਦੀ ਆਗਿਆ ਨਹੀਂ ਹੋਵੇਗੀ।

ਪ੍ਰਸ਼ਾਸਨ ਨੇ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਸੁਰੱਖਿਆ ਬਲਾਂ ਨੂੰ ਭਾਰੀ ਗਿਣਤੀ ਵਿੱਚ ਤਾਇਨਾਤ ਕੀਤਾ ਹੈ। ਡੀਐਮਆਰਸੀ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਰੂਟ ਦੀ ਯੋਜਨਾ ਪਹਿਲਾਂ ਹੀ ਤਿਆਰ ਕਰ ਲੈਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।