BBMB Big Update: ਭਾਖੜਾ ਅਤੇ ਪੌਂਗ ਡੈਮਾਂ ‘ਚ ਪਾਣੀ ਦਾ ਪੱਧਰ ਚਿੰਤਾਜਨਕ ਹੱਦ ਤੱਕ ਘਟਿਆ, ਕਮਜ਼ੋਰ ਮੌਨਸੂਨ ਬਣਿਆ ਕਾਰਨ
ਚੰਡੀਗੜ੍ਹ, 24 ਜੁਲਾਈ 2026
ਦੇਸ਼ ਵਿੱਚ ਮੌਨਸੂਨ ਦੇ ਕਮਜ਼ੋਰ ਪੈਣ ਕਾਰਨ ਉੱਤਰੀ ਭਾਰਤ ਦੇ ਮੁੱਖ ਜਲ ਭੰਡਾਰਾਂ ਵਿੱਚ ਪਾਣੀ ਦੀ ਆਮਦ ਨੂੰ ਲੋੜੀਂਦਾ ਹੁਲਾਰਾ ਨਹੀਂ ਮਿਲ ਰਿਹਾ ਹੈ। ਹਿਮਾਲੀਅਨ ਦਰਿਆ ਪ੍ਰਣਾਲੀ ਲਈ ਪਾਣੀ ਦੇ ਰੀਚਾਰਜ ਦੇ ਸਿਖਰਲੇ ਮਹੀਨੇ ਜੁਲਾਈ ਦੌਰਾਨ ਭਾਖੜਾ, ਪੌਂਗ ਅਤੇ ਪੰਡੋਹ ਡੈਮਾਂ ਵਿੱਚ ਪਾਣੀ ਦਾ ਪੱਧਰ ਆਮ ਨਾਲੋਂ ਕਾਫ਼ੀ ਹੇਠਾਂ ਚੱਲ ਰਿਹਾ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ ਬੀ ਐੱਮ ਬੀ) ਦੇ ਤਾਜ਼ਾ ਅੰਕੜਿਆਂ ਮੁਤਾਬਕ, ਸਤਲੁਜ ਅਤੇ ਬਿਆਸ ਬੇਸਿਨਾਂ ਵਿੱਚ ਦਰਿਆਵਾਂ ਦਾ ਵਹਾਅ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਕਮਜ਼ੋਰ ਹੈ।
ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਜੀਵਨ ਰੇਖਾ ਮੰਨੇ ਜਾਂਦੇ ਭਾਖੜਾ ਡੈਮ ਵਿੱਚ ਮੰਗਲਵਾਰ ਨੂੰ ਸਿਰਫ਼ 36,866 ਕਿਊਸਿਕ ਪਾਣੀ ਦੀ ਆਮਦ ਦਰਜ ਕੀਤੀ ਗਈ, ਜਦੋਂ ਕਿ ਪਿਛਲੇ ਸਾਲ ਇਸੇ ਦਿਨ ਇਹ ਆਮਦ 77,741 ਕਿਊਸਿਕ ਸੀ। ਇਹ ਲੰਬੇ ਸਮੇਂ ਦੀ ਔਸਤ (51,019 ਕਿਊਸਿਕ) ਨਾਲੋਂ ਵੀ ਬਹੁਤ ਘੱਟ ਹੈ। ਭਾਖੜਾ ਡੈਮ ਦਾ ਪਾਣੀ ਦਾ ਪੱਧਰ ਘਟ ਕੇ 1,587.12 ਫੁੱਟ ਰਹਿ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ ਲਗਪਗ 17 ਫੁੱਟ ਅਤੇ ਔਸਤ ਨਾਲੋਂ 12 ਫੁੱਟ ਤੋਂ ਵੱਧ ਘੱਟ ਹੈ।
ਮੌਜੂਦਾ ਸਮੇਂ ਵਿੱਚ ਭਾਖੜਾ ਜਲ ਭੰਡਾਰ ਦੀ ਲਾਈਵ ਸਟੋਰੇਜ ਸਿਰਫ਼ 2 ਅਰਬ ਘਣ ਮੀਟਰ (ਬੀ ਸੀ ਐੱਮ) ਹੈ, ਜਿਸ ਨਾਲ ਇਹ ਡੈਮ ਮਹਿਜ਼ 35 ਫ਼ੀਸਦ ਭਰਿਆ ਹੈ, ਜਦੋਂ ਕਿ ਪਿਛਲੇ ਸਾਲ ਇਸ ਦਿਨ ਇਹ 44 ਫ਼ੀਸਦ ਭਰਿਆ ਹੋਇਆ ਸੀ।
ਅੰਕੜੇ ਦੱਸਦੇ ਹਨ ਕਿ 21 ਮਈ ਤੋਂ 22 ਜੁਲਾਈ ਦੌਰਾਨ ਭਾਖੜਾ ਵਿੱਚ ਪਾਣੀ ਦੀ ਕੁੱਲ ਸੰਚਿਤ ਆਮਦ 15.46 ਲੱਖ ਕਿਊਸਿਕ (3.78 ਬੀ ਸੀ ਐੱਮ) ਰਹੀ ਹੈ, ਜੋ ਕਿ ਬੀਤੇ ਸਾਲ (22.16 ਲੱਖ ਕਿਊਸਿਕ) ਅਤੇ ਲੰਬੇ ਸਮੇਂ ਦੀ ਔਸਤ (23.30 ਲੱਖ ਕਿਊਸਿਕ) ਦੇ ਮੁਕਾਬਲੇ ਕਾਫ਼ੀ ਘੱਟ ਹੈ। ਹਿਮਾਚਲ ਪ੍ਰਦੇਸ਼ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਮੌਨਸੂਨ ਦੀ ਕਮਜ਼ੋਰੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਸਿੰਜਾਈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਚਿੰਤਾਵਾਂ ਡੂੰਘੀਆਂ ਹੋ ਰਹੀਆਂ ਹਨ।



