ਚੰਡੀਗੜ੍ਹ: 10 ਪੁਲਿਸ ਸਬ-ਇੰਸਪੈਕਟਰ ਨੂੰ ਮਿਲੀ ਤਰੱਕੀ, ਬਣਾਇਆ ਇੰਸਪੈਕਟਰ

Top Trending News ਪੰਜਾਬ

 

ਚੰਡੀਗੜ੍ਹ: 10 ਪੁਲਿਸ ਸਬ-ਇੰਸਪੈਕਟਰ ਨੂੰ ਮਿਲੀ ਤਰੱਕੀ, ਬਣਾਇਆ ਇੰਸਪੈਕਟਰ

ਚੰਡੀਗੜ੍ਹ, 25 ਜੁਲਾਈ 2026- ਚੰਡੀਗੜ੍ਹ ਪੁਲਿਸ ਵਿੱਚ ਤਾਇਨਾਤ ਤਿੰਨ ਮਹਿਲਾ ਸਬ-ਇੰਸਪੈਕਟਰਾਂ ਸਮੇਤ ਕੁੱਲ 10 ਅਧਿਕਾਰੀਆਂ ਨੂੰ ਇੰਸਪੈਕਟਰ ਦੇ ਸਥਾਨਕ ਰੈਂਕ ਵਜੋਂ ਤਰੱਕੀ ਦਿੱਤੀ ਗਈ ਹੈ। ਇਸ ਸਬੰਧੀ ਹੁਕਮ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਵੱਲੋਂ ਜਾਰੀ ਕੀਤੇ ਗਏ। ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਇਸ ਫੈਸਲੇ ਦਾ ਮਕਸਦ ਕਾਬਿਲ ਅਤੇ ਮਿਹਨਤੀ ਅਧਿਕਾਰੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਪੁਲਿਸਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ।

ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਤਰੱਕੀ ਸਿਰਫ਼ ਸਥਾਨਕ ਰੈਂਕ (ਲੋਕਲ ਰੈਂਕ) ਦੇ ਆਧਾਰ ‘ਤੇ ਦਿੱਤੀ ਗਈ ਹੈ। ਇਸ ਦੇ ਤਹਿਤ ਤਰੱਕੀ ਪ੍ਰਾਪਤ ਅਧਿਕਾਰੀਆਂ ਨੂੰ ਨਾ ਤਾਂ ਕੋਈ ਵਾਧੂ ਤਨਖਾਹ ਜਾਂ ਹੋਰ ਵਿੱਤੀ ਲਾਭ ਮਿਲੇਗਾ ਅਤੇ ਨਾ ਹੀ ਉਹ ਇਸ ਆਧਾਰ ‘ਤੇ ਸੀਨੀਆਰਤਾ ਦਾ ਕੋਈ ਦਾਅਵਾ ਕਰ ਸਕਣਗੇ। ਇਹ ਪ੍ਰਬੰਧ ਕੇਵਲ ਡਿਊਟੀ ਅਤੇ ਪ੍ਰਸ਼ਾਸਨਿਕ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।

ਡੀਜੀਪੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਅਧਿਕਾਰੀ ਦੀ ਕਾਰਗੁਜ਼ਾਰੀ ਸੰਤੋਸ਼ਜਨਕ ਨਾ ਰਹੀ ਜਾਂ ਉਹ ਕਿਸੇ ਵਿਭਾਗੀ ਜਾਂਚ ਜਾਂ ਅਪਰਾਧਿਕ ਮਾਮਲੇ ਵਿੱਚ ਸ਼ਾਮਲ ਪਾਇਆ ਗਿਆ, ਤਾਂ ਉਸ ਨੂੰ ਦਿੱਤਾ ਗਿਆ ਸਥਾਨਕ ਇੰਸਪੈਕਟਰ ਰੈਂਕ ਬਿਨਾਂ ਕਿਸੇ ਅਗਾਊਂ ਨੋਟਿਸ ਦੇ ਵਾਪਸ ਲਿਆ ਜਾ ਸਕਦਾ ਹੈ।

ਤਰੱਕੀ ਹਾਸਲ ਕਰਨ ਵਾਲੇ ਅਧਿਕਾਰੀਆਂ ਵਿੱਚ ਸੈਕਟਰ-17 ਬੱਸ ਸਟੈਂਡ ਚੌਕੀ ਇੰਚਾਰਜ ਚੰਦਰਮੁਖੀ, ਸਾਈਬਰ ਸੈੱਲ ਵਿੱਚ ਤਾਇਨਾਤ ਜਸਕਿਰਨਦੀਪ ਕੌਰ, ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਕੁਲਵਿੰਦਰ ਕੌਰ, ਸੈਕਟਰ-43 ਚੌਕੀ ਇੰਚਾਰਜ ਰਵਦੀਪ ਸਿੰਘ, ਕ੍ਰਾਈਮ ਬ੍ਰਾਂਚ ਦੇ ਦਲਜੀਤ ਸਿੰਘ, ਬਾਪੂ ਧਾਮ ਕਲੋਨੀ ਥਾਣਾ ਇੰਚਾਰਜ ਸੁਰੇਸ਼ ਕੁਮਾਰ, ਡੱਡੂ ਮਾਜਰਾ ਚੌਕੀ ਇੰਚਾਰਜ ਸੂਰਿਆ ਪ੍ਰਕਾਸ਼, ਪਲਸੌਰਾ ਚੌਕੀ ਇੰਚਾਰਜ ਪ੍ਰੇਮ ਸਿੰਘ ਅਤੇ ਸੈਕਟਰ-17 ਥਾਣੇ ਵਿੱਚ ਤਾਇਨਾਤ ਹਰਨੇਕ ਸਿੰਘ ਸ਼ਾਮਲ ਹਨ।

ਇਸ ਫੈਸਲੇ ਨੂੰ ਚੰਡੀਗੜ੍ਹ ਪੁਲਿਸ ਵਿੱਚ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਅਧਿਕਾਰੀਆਂ ਦਾ ਮਨੋਬਲ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।