ਪੰਜਾਬ ਸਰਕਾਰ ਵੱਲੋਂ ਉਦਯੋਗ ਵਿਭਾਗ ਦੇ 9 ਅਧਿਕਾਰੀਆਂ ਦੇ ਤਬਾਦਲੇ
ਲੁਧਿਆਣਾ, 29 ਜੁਲਾਈ 2026
ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ ਵਿਭਾਗ ਵੱਲੋਂ ਸੂਬੇ ਦੇ ਉਦਯੋਗਿਕ ਮਾਹੌਲ ਨੂੰ ਹੋਰ ਬਿਹਤਰ ਬਣਾਉਣ ਅਤੇ ਪ੍ਰਸ਼ਾਸਨਿਕ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਡੀ ਪੱਧਰ ‘ਤੇ ਪ੍ਰਸ਼ਾਸਨਿਕ ਫੇਰਬਦਲ ਕੀਤੀ ਗਈ ਹੈ। ਵਿਭਾਗ ਨੇ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਾ ਉਦਯੋਗ ਕੇਂਦਰਾਂ ਵਿੱਚ ਤਾਇਨਾਤ 9 ਅਧਿਕਾਰੀਆਂ ਦੀਆਂ ਬਦਲੀਆਂ ਅਤੇ ਵਾਧੂ ਚਾਰਜ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਮੁੱਖ ਮੰਤਰੀ ਪੰਜਾਬ ਦੀ ਪ੍ਰਵਾਨਗੀ ਮਗਰੋਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।
ਜਾਰੀ ਕੀਤੇ ਗਏ ਨਵੇਂ ਹੁਕਮਾਂ ਮੁਤਾਬਕ, ਅਰਸ਼ਜੀਤ ਸਿੰਘ, ਜੋ ਕਿ ਹੁਣ ਤੱਕ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਪਟਿਆਲਾ ਵਜੋਂ ਸੇਵਾਵਾਂ ਨਿਭਾ ਰਹੇ ਸਨ, ਨੂੰ ਹੁਣ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੁਹਾਲੀ ਦੀ ਜ਼ਿੰਮੇਵਾਰੀ ਸੌਂਪਣ ਦੇ ਨਾਲ-ਨਾਲ ਮੁੱਖ ਦਫ਼ਤਰ ਵਿੱਚ ਉਪ ਡਾਇਰੈਕਟਰ (ਪਬਲੀਸਿਟੀ, ਪੀਸੀ ਤੇ ਡੀਪੀਪੀ ਸ਼ਾਖਾ) ਦਾ ਵਾਧੂ ਕਾਰਜਭਾਰ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਜਨਰਲ ਮੈਨੇਜਰ ਮਨਿੰਦਰ ਸਿੰਘ ਨੂੰ ਐੱਸਏਐੱਸ ਨਗਰ ਤੇ ਗੋਬਿੰਦਗੜ੍ਹ ਤੋਂ ਤਬਦੀਲ ਕਰਕੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਵਿਖੇ ਤਾਇਨਾਤ ਕੀਤਾ ਗਿਆ ਹੈ।
ਵਿਭਾਗ ਵੱਲੋਂ ਜਾਰੀ ਸੂਚੀ ਅਨੁਸਾਰ ਜਨਰਲ ਮੈਨੇਜਰ ਮਾਨ ਮਹਿੰਦਰ ਸਿੰਘ ਨੂੰ ਐਸਬੀਐਸ ਨਗਰ ਤੇ ਰੂਪਨਗਰ ਤੋਂ ਬਦਲ ਕੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਸੰਗਰੂਰ ਤੇ ਮਲੇਰਕੋਟਲਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ ਨੂੰ ਲੁਧਿਆਣਾ ਤੋਂ ਤਬਦੀਲ ਕਰਦਿਆਂ ਜਨਰਲ ਮੈਨੇਜਰ ਮੋਗਾ ਅਤੇ ਫਰੀਦਕੋਟ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਦੀਪ ਸਿੰਘ ਗਿੱਲ ਨੂੰ ਫ਼ਿਰੋਜ਼ਪੁਰ ਤੋਂ ਬਦਲ ਕੇ ਜਨਰਲ ਮੈਨੇਜਰ ਪਟਿਆਲਾ ਅਤੇ ਬਰਨਾਲਾ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਮੁੱਖ ਦਫ਼ਤਰ ਦੇ ਉਪ ਡਾਇਰੈਕਟਰ ਰਮਨਦੀਪ ਸਿੰਘ ਨੂੰ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਰੂਪਨਗਰ ਅਤੇ ਅੰਕੁਰ ਗੋਇਲ ਨੂੰ ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਉਦਯੋਗ ਕੇਂਦਰ ਦਾ ਜਨਰਲ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਫੰਕਸ਼ਨਲ ਮੈਨੇਜਰ ਅਮਰਜੀਤ ਸਿੰਘ ਰਾਏ ਨੂੰ ਕਾਰਜਕਾਰੀ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਤਰਨਤਾਰਨ ਅਤੇ ਨੀਰਜ ਕੁਮਾਰ ਨੂੰ ਕਾਰਜਕਾਰੀ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਬਰਨਾਲਾ ਵਜੋਂ ਨਿਯੁਕਤ ਕੀਤਾ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਵੀਂ ਤਾਇਨਾਤੀ ਨਾਲ ਉਦਯੋਗਿਕ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਵਿੱਚ ਹੋਰ ਤੇਜ਼ੀ ਆਵੇਗੀ।



