ਵੱਡੀ ਖ਼ਬਰ: ਭਾਰਤ ਸਮੇਤ ਕਈ ਦੇਸ਼ਾਂ ਵਿੱਚ Whatsapp ਯੂਜ਼ਰਾਂ ਦੇ ਅਕਾਊਂਟ 24 ਘੰਟਿਆਂ ਲਈ ‘ਅੰਡਰ ਰਿਵਿਊ’, ਫੀਚਰਜ ਹੋਏ ਬੰਦ

Top Trending News ਕੌਮਾਂਤਰੀ ਰਾਸ਼ਟਰੀ

 

ਵੱਡੀ ਖ਼ਬਰ: ਭਾਰਤ ਸਮੇਤ ਕਈ ਦੇਸ਼ਾਂ ਵਿੱਚ Whatsapp ਯੂਜ਼ਰਾਂ ਦੇ ਅਕਾਊਂਟ 24 ਘੰਟਿਆਂ ਲਈ ‘ਅੰਡਰ ਰਿਵਿਊ’, ਫੀਚਰਜ ਹੋਏ ਬੰਦ

ਨਵੀਂ ਦਿੱਲੀ, 4 ਅਗਸਤ 2026

ਮੈਸੇਜਿੰਗ ਐਪ ਵਟਸਐਪ ਦੇ ਕਈ ਯੂਜ਼ਰਾਂ ਨੂੰ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਅਚਾਨਕ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਦੇ ਅਕਾਊਂਟ 24 ਘੰਟਿਆਂ ਲਈ ‘ਅੰਡਰ ਰਿਵਿਊ’ (ਸਮੀਖਿਆ ਅਧੀਨ) ਦਿਖਾਈ ਦੇਣ ਲੱਗੇ। ਇਸ ਦੌਰਾਨ ਪ੍ਰਭਾਵਿਤ ਯੂਜ਼ਰਾਂ ਲਈ ਐਪ ਦੇ ਜ਼ਿਆਦਾਤਰ ਫੀਚਰਸ ਬਲੌਕ ਹੋ ਗਏ, ਜਿਸ ਕਾਰਨ ਉਹ ਨਾ ਤਾਂ ਸੁਨੇਹੇ ਭੇਜ ਸਕੇ ਅਤੇ ਨਾ ਹੀ ਹੋਰ ਸੇਵਾਵਾਂ ਦੀ ਵਰਤੋਂ ਕਰ ਸਕੇ।

ਇਹ ਸਮੱਸਿਆ ਰਾਤ ਕਰੀਬ 8 ਵਜੇ ਸਾਹਮਣੇ ਆਈ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਯੂਜ਼ਰਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਆਪਣੀ ਸਮੱਸਿਆ ਸਾਂਝੀ ਕੀਤੀ। ਕਈ ਯੂਜ਼ਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵਟਸਐਪ ਜਾਂ ਇਸ ਦੀ ਮੂਲ ਕੰਪਨੀ ਮੈਟਾ ਵੱਲੋਂ ਪਹਿਲਾਂ ਕੋਈ ਚੇਤਾਵਨੀ ਜਾਂ ਜਾਣਕਾਰੀ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਉਹ ਅਚਾਨਕ ਐਪ ਦੀ ਵਰਤੋਂ ਤੋਂ ਵਾਂਝੇ ਰਹਿ ਗਏ।

ਪ੍ਰਭਾਵਿਤ ਯੂਜ਼ਰਾਂ ਦੀ ਫੋਨ ਸਕਰੀਨ ‘ਤੇ “Account Under Review” ਦਾ ਸੁਨੇਹਾ ਦਿਖਾਈ ਦੇ ਰਿਹਾ ਸੀ। ਇਸ ਵਿੱਚ ਲਿਖਿਆ ਸੀ ਕਿ ਇਹ ਯਕੀਨੀ ਬਣਾਉਣ ਲਈ ਡਿਵਾਈਸ ਨਾਲ ਸੰਬੰਧਿਤ ਜਾਣਕਾਰੀ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਖਾਤਾਧਾਰਕ ਵਟਸਐਪ ਦੀਆਂ ਸੇਵਾ ਸ਼ਰਤਾਂ ਦੀ ਪਾਲਣਾ ਕਰ ਰਿਹਾ ਹੈ ਜਾਂ ਨਹੀਂ। ਨਾਲ ਹੀ ਦੱਸਿਆ ਗਿਆ ਕਿ ਸਮੀਖਿਆ ਦਾ ਨਤੀਜਾ 24 ਘੰਟਿਆਂ ਦੇ ਅੰਦਰ ਸਾਂਝਾ ਕੀਤਾ ਜਾਵੇਗਾ।

ਇਸ ਸੁਨੇਹੇ ਵਿੱਚ ਯੂਜ਼ਰਾਂ ਨੂੰ ਵਟਸਐਪ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਸਬੰਧੀ ਹਦਾਇਤਾਂ ਅਤੇ ਚੋਰੀ ਹੋਏ ਫੋਨ ਨਾਲ ਜੁੜੇ ਵਿਕਲਪ ਵੀ ਦਿਖਾਏ ਗਏ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਮੈਟਾ ਵੱਲੋਂ ਇਸ ਮਾਮਲੇ ਬਾਰੇ ਕੋਈ ਵਿਸਥਾਰਪੂਰਵਕ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਸੀ। ਇਸ ਘਟਨਾ ਕਾਰਨ ਪ੍ਰਭਾਵਿਤ ਯੂਜ਼ਰਾਂ ਵਿੱਚ ਚਿੰਤਾ ਅਤੇ ਉਲਝਣ ਦਾ ਮਾਹੌਲ ਬਣਿਆ ਹੋਇਆ ਹੈ।