Punjab News: ਪੁਲਿਸ ਚੌਂਕੀ ‘ਤੇ ਗ੍ਰੇਨੇਡ ਹਮਲਾ ਕਰਨ ਦੇ ਮਾਮਲੇ ‘ਚ 2 ਨਬਾਲਿਗ ਕਾਬੂ

Top Trending News ਪੰਜਾਬ

 

Punjab News: ਪੁਲਿਸ ਚੌਂਕੀ ‘ਤੇ ਗ੍ਰੇਨੇਡ ਹਮਲਾ ਕਰਨ ਦੇ ਮਾਮਲੇ ‘ਚ 2 ਨਬਾਲਿਗ ਕਾਬੂ

ਬਟਾਲਾ 4 ਅਗਸਤ 2026-

ਪੁਲੀਸ ਜ਼ਿਲ੍ਹਾ ਬਟਾਲਾ ਦੀ ਅਰਬਨ ਅਸਟੇਟ ਪੁਲੀਸ ਚੌਕੀ ’ਤੇ ਸ਼ਨਿਚਰਵਾਰ ਰਾਤ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਪੁਲੀਸ ਨੇ ਵੱਡੀ ਸਫਲਤਾ ਦਾ ਦਾਅਵਾ ਕਰਦਿਆਂ ਦੋ ਨਾਬਾਲਗ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਵਾਰਦਾਤ ਵਿੱਚ ਸ਼ਾਮਲ ਤੀਸਰੇ ਮੁਲਜ਼ਮ ਦੀ ਪਛਾਣ ਵੀ ਕਰ ਲਈ ਗਈ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਬਾਰਡਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਬਟਾਲਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸ਼ਨਿਚਰਵਾਰ ਰਾਤ ਅਣਪਛਾਤੇ ਹਮਲਾਵਰਾਂ ਨੇ ਅਰਬਨ ਅਸਟੇਟ ਪੁਲੀਸ ਚੌਕੀ ਨੂੰ ਨਿਸ਼ਾਨਾ ਬਣਾਉਂਦਿਆਂ ਗ੍ਰੇਨੇਡ ਸੁੱਟਿਆ ਸੀ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵੱਖ-ਵੱਖ ਜਾਂਚ ਟੀਮਾਂ ਦਾ ਗਠਨ ਕੀਤਾ ਅਤੇ ਸਬੂਤ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕਾਊਂਟਰ ਇੰਟੈਲੀਜੈਂਸ ਪੰਜਾਬ ਅਤੇ ਬਟਾਲਾ ਪੁਲੀਸ ਨੇ ਸਾਂਝੇ ਤੌਰ ’ਤੇ ਕੰਮ ਕਰਦਿਆਂ ਅਹਿਮ ਸੁਰਾਗ ਹਾਸਲ ਕੀਤੇ। ਇਨ੍ਹਾਂ ਸੁਰਾਗਾਂ ਦੇ ਆਧਾਰ ’ਤੇ ਦੋ ਨਾਬਾਲਗਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ’ਤੇ ਤੀਸਰੇ ਮੁਲਜ਼ਮ ਦੀ ਪਛਾਣ ਵੀ ਹੋ ਚੁੱਕੀ ਹੈ ਅਤੇ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਹਮਲੇ ਦੇ ਪਿੱਛੇ ਦੀ ਸਾਜ਼ਿਸ਼, ਮਕਸਦ ਅਤੇ ਹੋਰ ਸੰਭਾਵਿਤ ਸਾਥੀਆਂ ਦੀ ਭੂਮਿਕਾ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੁਲੀਸ ਨੇ ਦਾਅਵਾ ਕੀਤਾ ਹੈ ਕਿ ਜਾਂਚ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਜਲਦ ਹੀ ਇਸ ਮਾਮਲੇ ਨਾਲ ਜੁੜੇ ਹੋਰ ਖੁਲਾਸੇ ਵੀ ਕੀਤੇ ਜਾਣਗੇ। ਇਸ ਘਟਨਾ ਤੋਂ ਬਾਅਦ ਬਟਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਪੁਲੀਸ ਦੀ ਨਿਗਰਾਨੀ ਵਧਾ ਦਿੱਤੀ ਗਈ ਹੈ।