ਈਰਾਨ ’ਤੇ ਅਮਰੀਕਾ ਦੀ ਵੱਡੀ ਆਰਥਿਕ ਕਾਰਵਾਈ, ਸਹਿਯੋਗੀ ਦੇਸ਼ਾਂ ਨੂੰ ਵੀ ਸਖ਼ਤ ਚਿਤਾਵਨੀ

Top Trending News ਕੌਮਾਂਤਰੀ

 

ਈਰਾਨ ’ਤੇ ਅਮਰੀਕਾ ਦੀ ਵੱਡੀ ਆਰਥਿਕ ਕਾਰਵਾਈ, ਸਹਿਯੋਗੀ ਦੇਸ਼ਾਂ ਨੂੰ ਵੀ ਸਖ਼ਤ ਚਿਤਾਵਨੀ

ਅਮਰੀਕਾ/ ਈਰਾਨ, 25 ਅਗਸਤ 2026

ਅਮਰੀਕਾ ਨੇ ਈਰਾਨ ਦੇ ਗਲੋਬਲ ਵਿੱਤੀ ਨੈੱਟਵਰਕ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਈਰਾਨ ਨਾਲ ਵਪਾਰਕ ਜਾਂ ਵਿੱਤੀ ਸਬੰਧ ਰੱਖਣ ਵਾਲੇ ਦੇਸ਼ਾਂ, ਬੈਂਕਾਂ ਅਤੇ ਸੰਸਥਾਵਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਹ ਈਰਾਨ ਨਾਲ ਲੈਣ-ਦੇਣ ਜਾਂ ਮਨੀ ਲਾਂਡਰਿੰਗ ਵਿੱਚ ਸਹਾਇਤਾ ਕਰਦੇ ਹਨ ਤਾਂ ਉਨ੍ਹਾਂ ਨੂੰ ਅਮਰੀਕੀ ਡਾਲਰ ਪ੍ਰਣਾਲੀ ਤੋਂ ਬਾਹਰ ਕੀਤਾ ਜਾ ਸਕਦਾ ਹੈ।

ਅਮਰੀਕਾ ਦੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਕਿ ਅਮਰੀਕੀ ਖਜ਼ਾਨਾ ਵਿਭਾਗ ਨੇ ਉਨ੍ਹਾਂ ਨੈੱਟਵਰਕਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਰਾਹੀਂ ਈਰਾਨ ਕੱਚੇ ਤੇਲ ਦੀ ਵਿਕਰੀ, ਫੰਡਾਂ ਤੱਕ ਪਹੁੰਚ ਅਤੇ ਆਰਥਿਕ ਪਾਬੰਦੀਆਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਮੁਤਾਬਕ ਅਮਰੀਕਾ ਦਾ ਮਕਸਦ ਈਰਾਨੀ ਸਰਕਾਰ ਲਈ ਆਮਦਨ ਅਤੇ ਵਿੱਤੀ ਸਹਾਇਤਾ ਦੇ ਸਰੋਤਾਂ ਨੂੰ ਖਤਮ ਕਰਨਾ ਹੈ।

ਇਸੇ ਤਹਿਤ ਅਮਰੀਕੀ ਖਜ਼ਾਨਾ ਵਿਭਾਗ ਨੇ ਈਰਾਨ ਨਾਲ ਜੁੜੀਆਂ ਕਰੀਬ 60 ਸੰਸਥਾਵਾਂ, ਵਿਅਕਤੀਆਂ ਅਤੇ ਜਹਾਜ਼ਾਂ ’ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਹ ਕਾਰਵਾਈ ਤੇਲ, ਪਰਮਾਣੂ, ਮਿਜ਼ਾਈਲ ਅਤੇ ਸਾਈਬਰ ਨੈੱਟਵਰਕ ਨਾਲ ਜੁੜੇ ਮਾਮਲਿਆਂ ’ਤੇ ਕੇਂਦਰਿਤ ਹੈ।

ਉਧਰ, ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਾਲਿਬਾਫ ਨੇ ਅਮਰੀਕੀ ਧਮਕੀਆਂ ਨੂੰ ਰੱਦ ਕਰਦਿਆਂ ਕਿਹਾ ਕਿ ਈਰਾਨ ਦੇ ਵਪਾਰਕ ਭਾਈਵਾਲ ਅਮਰੀਕੀ ਪਾਬੰਦੀਆਂ ਦੀ ਪਾਲਣਾ ਨਹੀਂ ਕਰਨਗੇ।