ਵੱਡੀ ਖ਼ਬਰ: ED ਨੇ ਸੀਨੀਅਰ IAS ਅਫ਼ਸਰ ਦੇ ਬੰਦ ਫਲੈਟ ਦਾ ਖੋਲ੍ਹਿਆ ਤਾਲਾ, ਲਈ ਤਲਾਸ਼ੀ
ਬੈਂਗਲੁਰੂ, 25 ਅਗਸਤ 2026:
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀਆਂ ਟੀਮਾਂ ਨੇ ਕਰਨਾਟਕ ਕਾਡਰ ਦੇ ਆਈਏਐਸ ਅਧਿਕਾਰੀ ਜੀ.ਕੇ. ਗੰਗਵਾਰ ਨਾਲ ਸਬੰਧਤ ਬੈਂਗਲੁਰੂ ਸਥਿਤ ਫਲੈਟ ਦੀ ਤਲਾਸ਼ੀ ਲਈ। ਅਧਿਕਾਰੀ ਦਾ ਨਿਵਾਸ ਸਥਾਨ ਬੰਦ ਹੋਣ ਕਾਰਨ ਈਡੀ ਦੀ ਟੀਮ ਨੇ ਤਾਲਾ ਖੋਲ੍ਹਣ ਲਈ ਤਾਲਾ-ਚਾਬੀ ਮਾਹਿਰ ਨੂੰ ਬੁਲਾਇਆ।
ਜਾਣਕਾਰੀ ਅਨੁਸਾਰ, ਤਾਲਾ ਖੋਲ੍ਹਣ ਦੀ ਕਾਰਵਾਈ ਅਧਿਕਾਰੀ ਦੇ ਗੁਆਂਢੀ ਦੀ ਮੌਜੂਦਗੀ ਵਿੱਚ ਕੀਤੀ ਗਈ, ਜਿਸ ਨੂੰ ਗਵਾਹ ਵਜੋਂ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਈਡੀ ਅਧਿਕਾਰੀਆਂ ਨੇ ਫਲੈਟ ਦੀ ਤਲਾਸ਼ੀ ਲਈ ਅਤੇ ਉੱਥੋਂ ਇੱਕ ਕੰਪਿਊਟਰ, ਪ੍ਰਿੰਟਰ ਸਮੇਤ ਕੁਝ ਹੋਰ ਵਸਤਾਂ ਆਪਣੇ ਕਬਜ਼ੇ ਵਿੱਚ ਲੈ ਲਈਆਂ।
ਸੂਤਰਾਂ ਮੁਤਾਬਕ, ਈਡੀ ਦੀਆਂ ਟੀਮਾਂ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਵੀ ਆਈਏਐਸ ਅਧਿਕਾਰੀ ਨਾਲ ਸਬੰਧਤ ਕੁਝ ਥਾਵਾਂ ’ਤੇ ਤਲਾਸ਼ੀ ਲਈ। ਹਾਲਾਂਕਿ, ਇਸ ਕਾਰਵਾਈ ਸਬੰਧੀ ਜਾਂਚ ਏਜੰਸੀ ਵੱਲੋਂ ਹਾਲੇ ਤੱਕ ਵਿਸਥਾਰਤ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਈਡੀ ਦੀ ਇਹ ਕਾਰਵਾਈ ਕਿਸ ਮਾਮਲੇ ਨਾਲ ਸਬੰਧਤ ਹੈ ਅਤੇ ਜਾਂਚ ਦੌਰਾਨ ਹੋਰ ਕੀ ਕੁਝ ਸਾਹਮਣੇ ਆਇਆ ਹੈ, ਇਸ ਬਾਰੇ ਸਪੱਸ਼ਟ ਜਾਣਕਾਰੀ ਦੀ ਉਡੀਕ ਹੈ।





