- ਡਰਦੇ ਨੀਂ ਤੇਰੀ ਘੁਰਕੀ ਤੋਂ, ਖਿੱਚ ਲਵਾਂਗੇ ਕੁਰਸੀ ਤੋਂ, ਸੀ.ਐਮ. ਮਾਨ ਦੇ ਟਵੀਟ ਦੀਆਂ ਕਾਪੀਆਂ ਸਾੜੀਆਂ
- ਮੁੱਖ ਮੰਤਰੀ ਇੱਕ ਵਾਰ ਫਿਰ ਮੀਟਿੰਗ ਕਰਨ ਤੋਂ ਭੱਜਿਆ
ਸ਼੍ਰੀ ਮੁਕਤਸਰ ਸਾਹਿਬ, 28 ਅਗਸਤ (ਦੇਸ਼ ਕਲਿੱਕ ਬਿਊਰੋ) – ਪੰਜਾਬ ਸਰਕਾਰ ਇੱਕ ਵਾਰ ਫਿਰ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੋਂ ਮੁੱਕਰ ਚੁੱਕੀ ਹੈ, ਜਿਸਦੇ ਚਲਦਿਆਂ ਮੁਲਾਜ਼ਮ ਵਰਗ ਵਿੱਚ ਰੋਹ ਸਿਖਰਾਂ ਤੇ ਹੈ। ਹੁਣ ਸਾਂਝਾ ਮੁਲਾਜ਼ਮ ਮੰਚ ਤੇ ਸਾਂਝੀ ਐਕਸ਼ਨ ਤਾਲਮੇਲ ਕਮੇਟੀ ਵੱਲੋਂ ਹੋਰ ਵੀ ਵੱਡੇ ਐਕਸ਼ਨ ਉਲੀਕਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਖੁਸ਼ਕਰਨਜੀਤ ਸਿੰਘ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਨੇ ਦਫ਼ਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਬਾਹਰ ਸੀ.ਐਮ. ਭਗਵੰਤ ਮਾਨ ਵੱਲੋਂ ਕੀਤੇ ਟਵੀਟ ਅਤੇ ਪ੍ਰਸੋਨਲ ਵਿਭਾਗ ਦੇ ਪੱਤਰ ਦੀਆਂ ਕਾਪੀਆਂ ਸਾੜਨ ਉਪਰੰਤ ਮੁਲਾਜ਼ਮਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਕਰਮਚਾਰੀਆਂ ਵੱਲੋਂ “ਮਾਨਾ, ਡਰਦੇ ਨੀਂ ਤੇਰੀ ਘੁਰਕੀ ਤੋਂ, ਖਿੱਚ ਲਵਾਂਗੇ ਕੁਰਸੀ ਤੋਂ….” ਦੇ ਨਾਅਰਿਆਂ ਨਾਲ ਆਪਣਾ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਆਪਣੀਆਂ ਕੋਝੀਆਂ ਚਾਲਾਂ ਤੇ ਆ ਗਈ ਹੈ ਅਤੇ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਗਿੱਦੜ ਭਮਕੀਆਂ ਦੇਣ ਤੇ ਉੱਤਰ ਆਈ ਹੈ ਪ੍ਰੰਤੂ ਮੁਲਾਜ਼ਮ ਡਰਨ ਵਾਲੇ ਨਹੀਂ ਹਨ।
ਉਨ੍ਹਾਂ ਕਿਹਾ ਕਿ ਪ੍ਰਸੋਨਲ ਵਿਭਾਗ ਵੱਲੋਂ ਹੜਤਾਲੀ ਕਰਮਚਾਰੀਆਂ ਦੀ ਸੂਚਨਾ ਮੰਗਣਾ ਸਰਕਾਰ ਦੀ ਬੌਖਲਾਹਟ ਦੀ ਨਿਸ਼ਾਨੀ ਹੈ, ਇਸ ਨਾਲ ਮੁਲਾਜ਼ਮ ਵਰਗ ਵਿੱਚ ਡਰ ਬਜਾਏ ਹੋਰ ਵੀ ਹੌਂਸਲਾ ਅਤੇ ਸਰਕਾਰ ਪ੍ਰਤੀ ਗੁੱਸਾ ਪੈਦਾ ਹੋਇਆ ਹੈ। ਆਗੂਆਂ ਨੇ ਦੱਸਿਆ ਕਿ 7 ਅਗਸਤ ਨੂੰ ਚੰਡੀਗੜ੍ਹ ਵਿਖੇ, 23 ਅਗਸਤ ਨੂੰ ਸਤੌਜ ਵਿਖੇ ਅਤੇ 27 ਅਗਸਤ ਨੂੰ ਪੰਜਾਬ ਦੇ ਜਿਲ੍ਹਾ ਹੈੱਡ ਕੁਆਟਰਾਂ ਵਿਖੇ ਕੀਤੇ ਗਏ ਪ੍ਰੋਗਰਾਮ ਵੀ ਸਤੰਬਰ ਮਹੀਨੇ ਦੇ ਪ੍ਰੋਗਰਾਮਾਂ ਸਾਹਮਣੇ ਬੌਣੇ ਨਜਰ ਆਉਣਗੇ, ਕਿਉਂਕਿ ਪੰਜਾਬ ਦੇ ਮੁਲਾਜ਼ਮ ਇਤਿਹਾਸਕ ਸੰਘਰਸ਼ ਲਈ ਤਿਆਰ ਬਰ ਤਿਆਰ ਹਨ। ਉਨ੍ਹਾਂ ਦੱਸਿਆ ਕਿ ਸਾਂਝੇ ਮੁਲਾਜ਼ਮ ਮੰਚ ਦੇ ਫੈਸਲੇ ਅਨੁਸਾਰ 28 ਅਤੇ 29 ਅਗਸਤ ਨੂੰ ਸਰਕਾਰ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਜਦਕਿ 30 ਅਗਸਤ ਨੂੰ ਸੂਬਾ ਪੱਧਰੀ ਮੀਟਿੰਗ ਕਰਕੇ ਵੱਡੇ ਸੰਘਰਸ਼ ਉਲੀਕੇ ਜਾਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੋਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਫ਼ਤਰ ਡਿਪਟੀ ਕਮਿਸ਼ਨਰ ਤੋਂ ਰਾਕੇਸ਼ ਕੁਮਾਰ ਸੁਪਰਡੰਟ, ਦਲਜੀਤ ਸਿੰਘ ਸੁਪਰਡੰਟ, ਗੁਰਮੀਤ ਪਾਲ ਰੀਡਰ, ਜਗਪ੍ਰੀਤ ਸਿੰਘ, ਹਰਬੰਸ ਸਿੰਘ, ਸਿੱਖਿਆ ਵਿਭਾਗ ਤੋਂ ਸੰਦੀਪ ਬੱਤਰਾ ਤੇ ਗੁਰਸਾਹਿਬ ਸਿੰਘ, ਸਮਾਜਿਕ ਸੁਰੱਖਿਆ ਵਿਭਾਗ ਤੋਂ ਬਲਜਿੰਦਰ ਸਿੰਘ, ਖੇਤੀਬਾੜੀ ਵਿਭਾਗ ਤੋਂ ਚਰਨਜੀਤ ਸਿੰਘ, ਵਾਟਰ ਸਪਲਾਈ ਵਿਭਾਗ ਤੋਂ ਵਿਕਰਮਜੀਤ ਸਿੰਘ, ਪੰਚਾਇਤੀ ਰਾਜ ਤੋਂ ਜਸਵਿੰਦਰ ਸਿੰਘ, ਪਟਵਾਰ ਯੂਨੀਅਨ ਤੋਂ ਪਵਨ ਕੁਮਾਰ, ਹਰਜਿੰਦਰ ਸਿੰਘ, ਖਜਾਨਾ ਦਫ਼ਤਰ ਤੋਂ ਸਾਹਿਬ ਸਿੰਘ, ਗੌਰਮਿੰਟ ਟੀਚਰਜ਼ ਯੂਨੀਅਨ ਤੋਂ ਪਰਮਜੀਤ ਸਿੰਘ, ਸਿਹਤ ਵਿਭਾਗ ਤੋਂ ਗੁਰਤੇਜ ਸਿੰਘ ਅਤੇ ਕੰਪਿਊਟਰ ਟੀਚਰਜ਼ ਯੂਨੀਅਨ ਤੋਂ ਜਸਪਾਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਹਾਜ਼ਰ ਸਨ।






