ਵੱਡੀ ਖ਼ਬਰ: ਅਮਰੀਕਾ ਤੋਂ ਦਰਜਨਾਂ ਪ੍ਰਵਾਸੀ ਸੈਂਟਰਲ ਅਫਰੀਕੀ ਗਣਰਾਜ ਭੇਜੇ; 20 ਸਾਲਾ ਅਫਗਾਨ ਨਾਗਰਿਕ ਵੀ ਸ਼ਾਮਲ
ਵਾਸ਼ਿੰਗਟਨ, 30 ਅਗਸਤ 2026
ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਤਹਿਤ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਭੇਜਣ ਦੀ ਕਾਰਵਾਈ ਜਾਰੀ ਹੈ।
ਇਸੇ ਕੜੀ ਤਹਿਤ ਸ਼ਨੀਵਾਰ ਨੂੰ ਦਰਜਨਾਂ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਸੈਂਟਰਲ ਅਫਰੀਕੀ ਗਣਰਾਜ ਭੇਜਿਆ ਗਿਆ। ਇਨ੍ਹਾਂ ਵਿੱਚ ਇੱਕ 20 ਸਾਲਾ ਅਫਗਾਨ ਨਾਗਰਿਕ ਵੀ ਸ਼ਾਮਲ ਹੈ। ਉਸ ਦੇ ਵਕੀਲ ਅਲਮਾ ਡੇਵਿਡ ਅਤੇ ਇੱਕ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਵਕੀਲ ਅਨੁਸਾਰ, ਅਫਗਾਨ ਨੌਜਵਾਨ ਨੂੰ ਪਹਿਲਾਂ ਹੀ ਅਮਰੀਕੀ ਅਦਾਲਤ ਵੱਲੋਂ ਅਫਗਾਨਿਸਤਾਨ ਭੇਜੇ ਜਾਣ ਤੋਂ ਸੁਰੱਖਿਆ ਮਿਲੀ ਹੋਈ ਸੀ। ਅਦਾਲਤ ਨੇ ਇਹ ਰਾਹਤ ਇਸ ਆਧਾਰ ’ਤੇ ਦਿੱਤੀ ਸੀ ਕਿ ਉਸ ਨੂੰ ਤਾਲਿਬਾਨ ਵੱਲੋਂ ਗੰਭੀਰ ਖ਼ਤਰਾ ਹੋ ਸਕਦਾ ਹੈ।
ਅਦਾਲਤ ਵਿੱਚ ਦਾਇਰ ਦਸਤਾਵੇਜ਼ਾਂ ਮੁਤਾਬਕ, ਨੌਜਵਾਨ ਦੇ ਪਰਿਵਾਰ ਨੂੰ ਤਾਲਿਬਾਨ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਇਨ੍ਹਾਂ ਧਮਕੀਆਂ ਦਾ ਸਬੰਧ ਉਸ ਦੇ ਭਰਾਵਾਂ ਦੇ ਅਮਰੀਕੀ ਫੌਜ ਨਾਲ ਰਹੇ ਕਥਿਤ ਸਬੰਧਾਂ ਨਾਲ ਦੱਸਿਆ ਗਿਆ ਹੈ।
ਮਾਮਲੇ ਨੇ ਅਮਰੀਕੀ ਇਮੀਗ੍ਰੇਸ਼ਨ ਨੀਤੀ ਅਤੇ ਨਿਰਵਾਸਨ ਕਾਰਵਾਈਆਂ ਦੌਰਾਨ ਕਾਨੂੰਨੀ ਸੁਰੱਖਿਆ ਦੇ ਮੁੱਦੇ ’ਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।






