Nepal Flood: ਹੜ੍ਹਾਂ ਦੇ 10 ਦਿਨ ਬਾਅਦ ਸੁਰੰਗ ’ਚੋਂ 2 ਮਜ਼ਦੂਰ ਜ਼ਿੰਦਾ ਬਚਾਏ, 42 ਦੀ ਭਾਲ ਜਾਰੀ
ਕਾਠਮੰਡੂ, 4 ਸਤੰਬਰ: ਨੇਪਾਲ ਵਿੱਚ ਭਿਆਨਕ ਹੜ੍ਹਾਂ ਤੋਂ ਦਸ ਦਿਨ ਬਾਅਦ ਤ੍ਰਿਸ਼ੂਲੀ-3 ‘ਏ’ ਹਾਈਡ੍ਰੋਪਾਵਰ ਪ੍ਰੋਜੈਕਟ ਦੀ ਸੁਰੰਗ ਵਿੱਚੋਂ ਦੋ ਮਜ਼ਦੂਰਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਬਚਾਅ ਟੀਮਾਂ ਨੇ ਸ਼ੁੱਕਰਵਾਰ ਸਵੇਰੇ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਬਚਾਏ ਗਏ ਮਜ਼ਦੂਰਾਂ ਦੀ ਪਛਾਣ ਸੰਜੇ ਸਾਹ ਅਤੇ ਕਬੀਰ ਮਹਾਰਜਨ ਵਜੋਂ ਹੋਈ ਹੈ।
ਹੜ੍ਹਾਂ ਤੋਂ ਬਾਅਦ ਇਸ ਸੁਰੰਗ ਵਿੱਚ 42 ਮਜ਼ਦੂਰਾਂ ਦੇ ਫਸੇ ਹੋਣ ਦੀ ਰਿਪੋਰਟ ਸਾਹਮਣੇ ਆਈ ਸੀ। ਦੋ ਮਜ਼ਦੂਰਾਂ ਦੇ ਜ਼ਿੰਦਾ ਮਿਲਣ ਨਾਲ ਬਾਕੀ ਲਾਪਤਾ ਮਜ਼ਦੂਰਾਂ ਨੂੰ ਵੀ ਬਚਾਉਣ ਦੀਆਂ ਉਮੀਦਾਂ ਵਧ ਗਈਆਂ ਹਨ।
ਬਚਾਅ ਮੁਹਿੰਮ ਦੌਰਾਨ ਸੁਰੰਗ ਦੇ ਅੰਦਰੋਂ ਮਨੁੱਖੀ ਆਵਾਜ਼ਾਂ ਸੁਣਾਈ ਦੇਣ ਤੋਂ ਬਾਅਦ ਨਿਪਾਲ ਫੌਜ ਅਤੇ ਹਥਿਆਰਬੰਦ ਪੁਲਿਸ ਬਲ ਦੀਆਂ ਟੀਮਾਂ ਨੇ ਸੁਰੰਗ ਅੰਦਰ ਦਾਖਲ ਹੋ ਕੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ। ਬਚਾਅ ਟੀਮਾਂ ਵੱਲੋਂ ਹੋਰ ਮਜ਼ਦੂਰਾਂ ਦੀ ਭਾਲ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਹੜ੍ਹਾਂ ਨੇ ਨਿਪਾਲ ਵਿੱਚ ਵੱਡੀ ਤਬਾਹੀ ਮਚਾਈ ਹੈ। ਰਿਪੋਰਟਾਂ ਮੁਤਾਬਕ 5,300 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ, ਜਦਕਿ ਹੁਣ ਤੱਕ 1,259 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਅਤੇ ਬਚਾਅ ਟੀਮਾਂ ਨੇ 12,038 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ। ਦੋ ਮਜ਼ਦੂਰਾਂ ਦੇ ਜ਼ਿੰਦਾ ਬਚਾਏ ਜਾਣ ਤੋਂ ਬਾਅਦ ਹੁਣ ਬਾਕੀ ਲੋਕਾਂ ਨੂੰ ਲੱਭਣ ਲਈ ਮੁਹਿੰਮ ਹੋਰ ਤੇਜ਼ ਹੋਣ ਦੀ ਉਮੀਦ ਹੈ।







