Breaking: ਦਰਿਆ ’ਚ ਹੋਮਗਾਰਡ ਜਵਾਨਾਂ ਨਾਲ ਭਰੀ ਬੇੜੀ ਡੁੱਬੀ
15 ਜਣਿਆਂ ਨੂੰ ਸੁਰੱਖਿਅਤ ਕੱਢਿਆ
ਜਬਲਪੁਰ 5 ਸਤੰਬਰ 2026
ਮੱਧ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਨਰਮਦਾ ਦਰਿਆ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਮਗਰੋਂ ਜਬਲਪੁਰ ਦੇ ਗੌਰੀਘਾਟ ਵਿਖੇ ਸ਼ੁੱਕਰਵਾਰ ਸ਼ਾਮ ਹੋਮਗਾਰਡ ਜਵਾਨਾਂ ਨਾਲ ਭਰੀ “ਗਸ਼ਤ ਮੋਟਰਬੋਟ” (ਗਸ਼ਤ ਕਰਨ ਵਾਲੀ ਬੇੜੀ) ਪਲਟ ਗਈ। ਹਾਦਸੇ ਸਮੇਂ ਮੋਟਰਬੋਟ ਵਿੱਚ 15 ਜਣੇ ਸਵਾਰ ਸਨ, ਜਦਕਿ ਇਸ ਦੀ ਨਿਰਧਾਰਤ ਸਮਰੱਥਾ ਸਿਰਫ਼ 4 ਤੋਂ 5 ਜਣਿਆਂ ਦੀ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਭਾਰੀ ਮੀਂਹ ਦੇ ਚੱਲਦਿਆਂ ਬਰਗੀ ਬੰਨ੍ਹ ਦੇ 13 ਗੇਟ ਖੋਲ੍ਹੇ ਗਏ ਸਨ, ਜਿਸ ਕਾਰਨ ਨਰਮਦਾ ਦਰਿਆ ਵਿੱਚ ਤੇਜ਼ ਉਛਾਲ ਆ ਗਿਆ। ਤੇਜ਼ ਧਾਰਾ ਵਿੱਚ ਮੋਟਰਬੋਟ ਦਾ ਇੰਜਣ ਅਚਾਨਕ ਬੰਦ ਹੋ ਗਿਆ ਅਤੇ ਕਿਸ਼ਤੀ ਬੇਕਾਬੂ ਹੋ ਕੇ ਪਲਟ ਗਈ।
ਹਾਦਸੇ ਤੋਂ ਬਾਅਦ ਕੁਝ ਹੋਮਗਾਰਡ ਜਵਾਨ ਤੈਰ ਕੇ ਦਰਿਆ ਦੇ ਕੰਢੇ ਪਹੁੰਚਣ ਵਿੱਚ ਕਾਮਯਾਬ ਰਹੇ। ਬਾਕੀ ਜਵਾਨਾਂ ਨੂੰ ਸਥਾਨਕ ਮਲਾਹਾਂ ਅਤੇ ਗੋਤਾਖੋਰਾਂ ਨੇ ਆਪਣੀਆਂ ਕਿਸ਼ਤੀਆਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ। ਘਟਨਾ ਮਗਰੋਂ ਇਲਾਕੇ ਵਿੱਚ ਹੜਕੰਪ ਮਚ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਸਾਰੇ ਸਵਾਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।







