- ਪੰਜਾਬ ਕਾਂਗਰਸ ਵੱਡਾ ਫੇਰਬਦਲ: ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦੀ ਕਮਾਨ, ਬਘੇਲ ਦੀ ਛੁੱਟੀ
- ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਵੱਡਾ ਫੇਰਬਦਲ
ਚੰਡੀਗੜ੍ਹ: 5 ਸਤੰਬਰ (ਦੇਸ਼ ਕਲਿੱਕ ਬਿਊਰੋ): ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਵਿੱਚ ਵੱਡਾ ਸੰਗਠਨਾਤਮਕ ਫੇਰਬਦਲ ਕਰਦਿਆਂ ਸਚਿਨ ਪਾਇਲਟ ਨੂੰ ਪਾਰਟੀ ਦਾ ਨਵਾਂ ਪੰਜਾਬ ਇੰਚਾਰਜ ਨਿਯੁਕਤ ਕੀਤਾ ਹੈ। ਪਾਇਲਟ ਨੂੰ ਭੂਪੇਸ਼ ਬਘੇਲ ਦੀ ਥਾਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਬਦਲਾਅ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਠੀਕ ਪਹਿਲਾਂ ਕੀਤਾ ਗਿਆ ਹੈ। ਭੂਪੇਸ਼ ਬਘੇਲ ਨੂੰ ਹੁਣ ਅਸਾਮ ਕਾਂਗਰਸ ਦਾ ਇੰਚਾਰਜ ਬਣਾਇਆ ਗਿਆ ਹੈ। ਸਚਿਨ ਪਾਇਲਟ ਦੀ ਪੰਜਾਬ ਵਿੱਚ ਨਵੀਂ ਜ਼ਿੰਮੇਵਾਰੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਚੰਨੀ ਗੁੱਟ ਬਘੇਲ ਖ਼ਿਲਾਫ਼ ਖੋਲ੍ਹ ਚੁੱਕਾ ਸੀ ਮੋਰਚਾ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਨਾਲ ਜੁੜੇ ਆਗੂ ਲੰਬੇ ਸਮੇਂ ਤੋਂ ਭੂਪੇਸ਼ ਬਘੇਲ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕ ਰਹੇ ਸਨ। ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਮੁੜ ਤਾਜਪੋਸ਼ੀ ਤੋਂ ਬਾਅਦ ਚੰਨੀ ਗੁੱਟ ਦੀ ਨਾਰਾਜ਼ਗੀ ਹੋਰ ਵਧ ਗਈ ਸੀ। ਚੰਨੀ ਗੁੱਟ ਦੇ ਆਗੂਆਂ ਦਾ ਦੋਸ਼ ਸੀ ਕਿ ਪੰਜਾਬ ਦੇ ਇੰਚਾਰਜ ਹੋਣ ਦੇ ਬਾਵਜੂਦ ਭੂਪੇਸ਼ ਬਘੇਲ ਨੇ ਹਾਈਕਮਾਨ ਨੂੰ ਸੂਬੇ ਦੀ ਅਸਲ ਜ਼ਮੀਨੀ ਸਥਿਤੀ ਦੀ ਸਹੀ ਜਾਣਕਾਰੀ ਨਹੀਂ ਦਿੱਤੀ।
ਵੜਿੰਗ-ਬਘੇਲ ਨੂੰ ਹਟਾਉਣ ਦੀ ਕਰ ਰਹੇ ਸਨ ਮੰਗ
ਚੰਨੀ ਅਤੇ ਉਨ੍ਹਾਂ ਦੇ ਸਮਰਥਕ ਆਗੂਆਂ ਦਾ ਤਰਕ ਸੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਜ਼ਬੂਤ ਪ੍ਰਦਰਸ਼ਨ ਕਰਨਾ ਹੈ ਤਾਂ ਪੰਜਾਬ ਦੀ ਕਮਾਨ ਵਿੱਚ ਬਦਲਾਅ ਜ਼ਰੂਰੀ ਹੈ। ਉਹ ਰਾਜਾ ਵੜਿੰਗ ਅਤੇ ਭੂਪੇਸ਼ ਬਘੇਲ ਨੂੰ ਹਟਾ ਕੇ ਕਿਸੇ ਹੋਰ ਮਜ਼ਬੂਤ ਆਗੂ ਨੂੰ ਜ਼ਿੰਮੇਵਾਰੀ ਦੇਣ ਦੀ ਮੰਗ ਕਰ ਰਹੇ ਸਨ। ਹੁਣ ਭੂਪੇਸ਼ ਬਘੇਲ ਨੂੰ ਪੰਜਾਬ ਇੰਚਾਰਜ ਦੇ ਅਹੁਦੇ ਤੋਂ ਹਟਾ ਕੇ ਸਚਿਨ ਪਾਇਲਟ ਨੂੰ ਜ਼ਿੰਮੇਵਾਰੀ ਦਿੱਤੇ ਜਾਣ ਨਾਲ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ।
ਕੀ ਹੁਣ ਰਾਜਾ ਵੜਿੰਗ ਦੀ ਵਾਰੀ ?
ਭੂਪੇਸ਼ ਬਘੇਲ ਦੀ ਪੰਜਾਬ ਇੰਚਾਰਜ ਦੇ ਅਹੁਦੇ ਤੋਂ ਛੁੱਟੀ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੁਰਸੀ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ ਵੜਿੰਗ ਨੂੰ ਅਹੁਦੇ ਤੋਂ ਹਟਾਉਣ ਬਾਰੇ ਹਾਈਕਮਾਨ ਵੱਲੋਂ ਹਾਲੇ ਕੋਈ ਅਧਿਕਾਰਤ ਫੈਸਲਾ ਸਾਹਮਣੇ ਨਹੀਂ ਆਇਆ। ਸਚਿਨ ਪਾਇਲਟ ਦੀ ਨਿਯੁਕਤੀ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਅਤੇ ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਹਾਈਕਮਾਨ ਦੇ ਅਗਲੇ ਕਦਮ ’ਤੇ ਸਭ ਦੀ ਨਜ਼ਰ ਰਹੇਗੀ।







