- ਕੁੱਤੇ ਨੇ ਮਹਿਲਾ ਨੂੰ ਕਥਿਤ ਯੌਨ ਸ਼ੋਸ਼ਣ ਤੋਂ ਬਚਾਇਆ
- CCTV ਵੀਡੀਓ ਸਾਹਮਣੇ ਆਈ
- ਮਹਿਲਾ ਦੀ ਚੀਕ ਸੁਣਦੇ ਹੀ ਨੌਜਵਾਨ ’ਤੇ ਝਪਟਿਆ
- ਕੁੱਤੇ ਨੇ ਪਿੱਛਾ ਕਰਕੇ ਭਜਾਇਆ
ਕੋਇੰਬਟੂਰ: 5 ਸਤੰਬਰ (ਦੇਸ਼ ਕਲਿੱਕ ਬਿਊਰੋ): ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਇੱਕ ਸਟ੍ਰੀਟ ਡੌਗ ਨੇ ਮਹਿਲਾ ਨੂੰ ਕਥਿਤ ਯੌਨ ਸ਼ੋਸ਼ਣ ਦੀ ਕੋਸ਼ਿਸ਼ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਘਟਨਾ ਦਾ CCTV ਫੁਟੇਜ ਵੀ ਸਾਹਮਣੇ ਆਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਘਟਨਾ ਵੀਰਵਾਰ ਦੇਰ ਰਾਤ ਅਸ਼ੋਕਾਪੁਰਮ ਇਲਾਕੇ ਵਿੱਚ ਰੇਲਵੇ ਓਵਰਬ੍ਰਿਜ ਨੇੜੇ ਵਾਪਰੀ। ਪੁਲਿਸ ਮੁਤਾਬਕ ਮਹਿਲਾ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ ਅਤੇ ਸੜਕ ਕਿਨਾਰੇ ਬੈਠੀ ਹੋਈ ਸੀ। ਇਸ ਦੌਰਾਨ ਇੱਕ ਨੌਜਵਾਨ ਉਸ ਦੇ ਕੋਲ ਪਹੁੰਚਿਆ ਅਤੇ ਕਥਿਤ ਤੌਰ ’ਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ।
ਪੁਲਿਸ ਅਨੁਸਾਰ ਨੌਜਵਾਨ ਨੇ ਪਹਿਲਾਂ ਮਹਿਲਾ ਤੋਂ ਪੁੱਛਿਆ ਕਿ ਆਸ-ਪਾਸ ਘੁੰਮ ਰਹੇ ਕੁੱਤੇ ਕੀ ਉਸ ਦੇ ਹਨ। ਇਸ ਤੋਂ ਬਾਅਦ ਉਸ ਨੇ ਮਹਿਲਾ ਨਾਲ ਕਥਿਤ ਤੌਰ ’ਤੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਮਹਿਲਾ ਵੱਲੋਂ ਚੀਕਾਂ ਮਾਰਨ ’ਤੇ ਨੇੜੇ ਮੌਜੂਦ ਸਟ੍ਰੀਟ ਡੌਗ ਤੁਰੰਤ ਨੌਜਵਾਨ ਵੱਲ ਝਪਟਿਆ।
ਕੁੱਤੇ ਨੇ ਨੌਜਵਾਨ ਦਾ ਪਿੱਛਾ ਕਰਦਿਆਂ ਉਸ ਨੂੰ ਕਾਫ਼ੀ ਦੂਰ ਤੱਕ ਭਜਾ ਦਿੱਤਾ। ਇਸ ਕਾਰਨ ਮਹਿਲਾ ਨੂੰ ਮੌਕੇ ਤੋਂ ਸੁਰੱਖਿਅਤ ਬਚਣ ਦਾ ਮੌਕਾ ਮਿਲ ਗਿਆ।
ਘਟਨਾ ਦੀ CCTV ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਘਟਨਾ ਸਮੇਂ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੀ। ਮਾਮਲੇ ਸਬੰਧੀ ਅਗਲੀ ਜਾਂਚ ਜਾਰੀ ਹੈ।







