NEET ਪਾਸ ਤਿੰਨ ਗਰੀਬ ਵਿਦਿਆਰਥੀਆਂ ਦੀ ਮੈਡੀਕਲ ਪੜ੍ਹਾਈ ਦਾ ਸਾਰਾ ਖਰਚਾ ਚੁੱਕਣਗੇ MLA ਕੁਲਵੰਤ ਸਿੰਘ
ਮੁਹਾਲੀ, 6 ਸਤੰਬਰ, 2026:
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਇਸ ਸਾਲ NEET ਪ੍ਰੀਖਿਆ ਪਾਸ ਕਰਨ ਵਾਲੇ ਤਿੰਨ ਗਰੀਬ ਵਿਦਿਆਰਥੀਆਂ ਦੀ ਮੈਡੀਕਲ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਕਾਲਜ ਫੀਸ ਦੇ ਨਾਲ-ਨਾਲ ਹੋਸਟਲ ਅਤੇ ਪੜ੍ਹਾਈ ਨਾਲ ਸਬੰਧਤ ਹੋਰ ਖਰਚੇ ਵੀ ਉਹ ਖੁਦ ਚੁੱਕਣਗੇ।
ਇਹ ਤਿੰਨੇ ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹੇ ਹਨ। ਅਧਿਆਪਕ ਮਨਜੀਤ ਸਿੰਘ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਆਲਮਵਾਲਾ ਦੇ ਮਹਿਕਦੀਪ ਸਿੰਘ ਦਾ ਦਾਖਲਾ ਗਿਆਨ ਸਾਗਰ ਮੈਡੀਕਲ ਕਾਲਜ ਵਿੱਚ ਹੋਇਆ ਹੈ। ਉਸ ਦੀ ਫੀਸ ਤੇ ਹੋਸਟਲ ਸਮੇਤ ਕਰੀਬ 32 ਲੱਖ ਰੁਪਏ ਦੀ ਲੋੜ ਹੈ। ਸਕਾਲਰਸ਼ਿਪ ਅਤੇ ਕਰਜ਼ੇ ਤੋਂ ਬਾਅਦ ਬਚਦੇ 13.5 ਲੱਖ ਰੁਪਏ ਦਾ ਖਰਚਾ ਕੁਲਵੰਤ ਸਿੰਘ ਚੁੱਕਣਗੇ। ਪਰਿਵਾਰ ਨੂੰ ਫੀਸ ਦਾ ਪ੍ਰਬੰਧ ਕਰਨ ਲਈ ਗਾਂ ਤੱਕ ਵੇਚਣੀ ਪਈ ਸੀ।
ਮਲੋਟ ਦੇ ਅਮਨ ਸਿੰਘ ਦੀ ਫਰੀਦਕੋਟ ਮੈਡੀਕਲ ਕਾਲਜ ਵਿੱਚ ਪੜ੍ਹਾਈ ਦਾ ਕਰੀਬ 14 ਲੱਖ ਰੁਪਏ ਖਰਚਾ ਵੀ ਵਿਧਾਇਕ ਵੱਲੋਂ ਕੀਤਾ ਜਾਵੇਗਾ। ਫਾਜ਼ਿਲਕਾ ਦੇ ਪਿੰਡ ਹੌਜ ਗੰਧੜ ਦੀ ਸੁਮਨਦੀਪ ਕੌਰ ਦੀ ਕਰੀਬ 3 ਲੱਖ ਰੁਪਏ ਹੋਸਟਲ ਫੀਸ ਵੀ ਉਹ ਭਰਨਗੇ।
ਕੁਲਵੰਤ ਸਿੰਘ ਨੇ ਕਿਹਾ ਕਿ ਇਹ ਨੌਜਵਾਨ ਪੰਜਾਬ ਦਾ ਭਵਿੱਖ ਹਨ ਅਤੇ ਮਿਹਨਤੀ ਬੱਚਿਆਂ ਦੀ ਪ੍ਰਤਿਭਾ ਨੂੰ ਅੱਗੇ ਵਧਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।







