ਗੈਸੀ ਸਿਲੰਡਰ ਕੱਢਣ ਲਈ ਟੋਭੇ ’ਚ ਵੜਿਆ ਨੌਜਵਾਨ, ਡੁੱਬਣ ਕਾਰਨ ਹੋਈ ਮੌਤ
ਧਨੌਲਾ (ਬਰਨਾਲਾ), 6 ਸਤੰਬਰ 2026: ਨੇੜਲੇ ਪਿੰਡ ਕਾਲੇਕੇ ਵਿੱਚ ਗੁਰਦੁਆਰਾ ਸਾਹਿਬ ਨੇੜੇ ਟੋਭੇ ਵਿੱਚ ਡੁੱਬਣ ਕਾਰਨ 23 ਸਾਲਾ ਨੌਜਵਾਨ ਪੱਪੂ ਸਿੰਘ ਪੁੱਤਰ ਕਾਲਾ ਸਿੰਘ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਕੱਤਰ ਜਾਣਕਾਰੀ ਅਨੁਸਾਰ ਟੋਭੇ ਵਿੱਚ ਇੱਕ ਗੈਸ ਸਿਲੰਡਰ ਤੈਰ ਰਿਹਾ ਸੀ। ਇਸ ਨੂੰ ਬਾਹਰ ਕੱਢਣ ਦੇ ਇਰਾਦੇ ਨਾਲ ਪੱਪੂ ਸਿੰਘ ਟੋਭੇ ਵਿੱਚ ਵੜ ਗਿਆ। ਟੋਭੇ ਵਿੱਚ ਗਾਰ ਜ਼ਿਆਦਾ ਹੋਣ ਅਤੇ ਪਾਣੀ ਦੀ ਡੂੰਘਾਈ ਵਧੇਰੇ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ। ਇਸ ਦੌਰਾਨ ਨਿਪੁੰਨ ਗੋਤਾਖੋਰ ਬੰਟੀ ਨੂੰ ਬੁਲਾਇਆ ਗਿਆ। ਬੰਟੀ ਨੇ ਕਰੀਬ ਇੱਕ ਘੰਟੇ ਤੱਕ ਲਗਾਤਾਰ ਕੋਸ਼ਿਸ਼ ਕੀਤੀ। ਪਿੰਡ ਦੇ ਕੁਝ ਨੌਜਵਾਨਾਂ ਨੇ ਵੀ ਭਾਲ ਵਿੱਚ ਸਹਿਯੋਗ ਦਿੱਤਾ। ਆਖ਼ਰਕਾਰ ਬੰਟੀ ਨੇ ਪੱਪੂ ਸਿੰਘ ਨੂੰ ਟੋਭੇ ਵਿੱਚੋਂ ਬਾਹਰ ਕੱਢ ਲਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਪੱਪੂ ਸਿੰਘ ਕੰਬਾਈਨਾਂ ’ਤੇ ਡਰਾਈਵਰ ਵਜੋਂ ਕੰਮ ਕਰਦਾ ਸੀ। ਉਸ ਦੇ ਪਿਤਾ ਕਾਲਾ ਸਿੰਘ ਭੱਠੇ ’ਤੇ ਮਿਹਨਤ-ਮਜ਼ਦੂਰੀ ਕਰਦੇ ਹਨ, ਜਦਕਿ ਉਸ ਦਾ ਵੱਡਾ ਭਰਾ ਬਿਜਲੀ ਬੋਰਡ ਵਿੱਚ ਮੁਲਾਜ਼ਮ ਦੱਸਿਆ ਗਿਆ ਹੈ।
ਪਿੰਡ ਦੇ ਸਰਪੰਚ ਕਾਕਾ ਸਿੰਘ ਗਰੇਵਾਲ ਸਮੇਤ ਸਮੁੱਚੀ ਪੰਚਾਇਤ ਮੌਕੇ ’ਤੇ ਪੁੱਜੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਇਸ ਅਣਹੋਣੀ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।







