- ਦੁਨੀਆ ਦੇ ਨਵੇਂ ਨਕਸ਼ੇ ’ਤੇ ਭਾਰਤ ਨੇ ਜਤਾਇਆ ਵਿਰੋਧ, ਪੜ੍ਹੋ ਵੇਰਵਾ
- ਭਾਰਤ ਬੋਲਿਆ- ਜੰਮੂ-ਕਸ਼ਮੀਰ ਤੇ ਲੱਦਾਖ ਸਾਡੇ ਅਧਿਕਾਰਤ ਨਕਸ਼ੇ ਮੁਤਾਬਕ ਦਿਖਾਏ ਜਾਣ
- ਸਰਹੱਦਾਂ ਨਾਲ ਕੋਈ ਸਮਝੌਤਾ ਨਹੀਂ
ਨਵੀਂ ਦਿੱਲੀ, 6 ਸਤੰਬਰ (ਦੇਸ਼ ਕਲਿੱਕ ਬਿਊਰੋ): ਸੰਯੁਕਤ ਰਾਸ਼ਟਰ ਵੱਲੋਂ ਦੁਨੀਆ ਦਾ ਨਕਸ਼ਾ ਦਿਖਾਉਣ ਦੇ ਨਵੇਂ ਤਰੀਕੇ ਨੂੰ ਲੈ ਕੇ ਭਾਰਤ ਨੇ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਸਮੇਤ ਭਾਰਤ ਦਾ ਪੂਰਾ ਖੇਤਰ ਭਾਰਤ ਦੇ ਅਧਿਕਾਰਤ ਨਕਸ਼ੇ ਮੁਤਾਬਕ ਹੀ ਦਰਸਾਇਆ ਜਾਣਾ ਚਾਹੀਦਾ ਹੈ। ਭਾਰਤ ਦੇ ਖੇਤਰ ਨੂੰ ਗਲਤ ਜਾਂ ਗੁੰਮਰਾਹਕੁੰਨ ਢੰਗ ਨਾਲ ਦਿਖਾਉਣਾ ਸਵੀਕਾਰ ਨਹੀਂ ਕੀਤਾ ਜਾਵੇਗਾ। ਭਾਰਤ ਨੇ ਸੰਯੁਕਤ ਰਾਸ਼ਟਰ ਦੇ ਉਸ ਪ੍ਰਸਤਾਵ ਦੇ ਹੱਕ ਵਿੱਚ ਵੋਟ ਕੀਤਾ ਹੈ, ਜਿਸ ਵਿੱਚ ਦੇਸ਼ਾਂ ਅਤੇ ਮਹਾਂਦੀਪਾਂ ਦਾ ਆਕਾਰ ਉਨ੍ਹਾਂ ਦੇ ਅਸਲ ਖੇਤਰਫਲ ਦੇ ਵਧੇਰੇ ਨੇੜੇ ਦਿਖਾਉਣ ਦੀ ਗੱਲ ਕੀਤੀ ਗਈ ਹੈ। ਹਾਲਾਂਕਿ, ਭਾਰਤ ਨੇ ਸਪੱਸ਼ਟ ਕੀਤਾ ਕਿ ਇਸ ਦਾ ਮਤਲਬ ਕਿਸੇ ਖਾਸ ਨਕਸ਼ੇ ਜਾਂ ਨਕਸ਼ਾ ਬਣਾਉਣ ਦੇ ਤਰੀਕੇ ਨੂੰ ਮਨਜ਼ੂਰੀ ਦੇਣਾ ਨਹੀਂ ਹੈ।
ਨਵੇਂ ਨਕਸ਼ੇ ਵਿੱਚ ਕੀ ਬਦਲੇਗਾ ?
ਸੰਯੁਕਤ ਰਾਸ਼ਟਰ ਮਹਾਸਭਾ ਨੇ ਦੁਨੀਆ ਨੂੰ ਨਕਸ਼ੇ ’ਤੇ ਨਵੇਂ ਢੰਗ ਨਾਲ ਦਰਸਾਉਣ ਦਾ ਪ੍ਰਸਤਾਵ ਪਾਸ ਕੀਤਾ ਹੈ। ਇਸ ਨਾਲ ਕਿਸੇ ਦੇਸ਼ ਦੀ ਅਸਲ ਜ਼ਮੀਨ, ਸਰਹੱਦ ਜਾਂ ਖੇਤਰਫਲ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਸਿਰਫ਼ ਨਕਸ਼ੇ ’ਤੇ ਦੇਸ਼ਾਂ ਅਤੇ ਮਹਾਂਦੀਪਾਂ ਦਾ ਆਕਾਰ ਪਹਿਲਾਂ ਨਾਲੋਂ ਵੱਖਰਾ ਨਜ਼ਰ ਆ ਸਕਦਾ ਹੈ। ਮੌਜੂਦਾ ਸਮੇਂ ਵਿੱਚ ਮਰਕੇਟਰ ਮੈਪ ਕਾਫ਼ੀ ਵਰਤਿਆ ਜਾਂਦਾ ਹੈ। ਇਸ ਵਿੱਚ ਧਰੁਵਾਂ ਦੇ ਨੇੜੇ ਵਾਲੇ ਖੇਤਰ ਆਪਣੇ ਅਸਲ ਆਕਾਰ ਨਾਲੋਂ ਵੱਡੇ ਦਿਖਾਈ ਦਿੰਦੇ ਹਨ। ਨਵੇਂ ਤਰੀਕੇ ਨੂੰ ਇਕੁਅਲ ਏਰੀਆ ਪ੍ਰੋਜੈਕਸ਼ਨ ਕਿਹਾ ਜਾਂਦਾ ਹੈ, ਜਿਸ ਵਿੱਚ ਅਫਰੀਕਾ ਪਹਿਲਾਂ ਨਾਲੋਂ ਵੱਡਾ, ਜਦਕਿ ਯੂਰਪ ਅਤੇ ਉੱਤਰੀ ਅਮਰੀਕਾ ਛੋਟੇ ਦਿਖ ਸਕਦੇ ਹਨ।
ਭਾਰਤ ਦੀ ਅਪੱਤੀ ਨਕਸ਼ੇ ਦੇ ਤਰੀਕੇ ’ਤੇ ਨਹੀਂ
ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਨੂੰ ਬਰਾਬਰ ਖੇਤਰਫਲ ਦਰਸਾਉਣ ਵਾਲੇ ਨਕਸ਼ੇ ਦੇ ਤਰੀਕੇ ’ਤੇ ਕੋਈ ਇਤਰਾਜ਼ ਨਹੀਂ ਹੈ। ਚਿੰਤਾ ਸਿਰਫ਼ ਇਸ ਗੱਲ ਨੂੰ ਲੈ ਕੇ ਹੈ ਕਿ ਨਕਸ਼ੇ ਵਿੱਚ ਭਾਰਤ ਦੇ ਖੇਤਰ ਨੂੰ ਗਲਤ ਢੰਗ ਨਾਲ ਨਾ ਦਿਖਾਇਆ ਜਾਵੇ। ਭਾਰਤ ਨੇ ਕਿਹਾ ਕਿ ਪ੍ਰਸਤਾਵ ਕਿਸੇ ਖਾਸ ਨਕਸ਼ੇ, ਪ੍ਰੋਜੈਕਸ਼ਨ ਜਾਂ ਦੇਸ਼ਾਂ ਦੀਆਂ ਸਰਹੱਦਾਂ ਨੂੰ ਮਨਜ਼ੂਰੀ ਨਹੀਂ ਦਿੰਦਾ। ਇਸ ਲਈ ਜੰਮੂ-ਕਸ਼ਮੀਰ ਅਤੇ ਲੱਦਾਖ ਸਮੇਤ ਭਾਰਤ ਦਾ ਪੂਰਾ ਸੰਪ੍ਰਭੂ ਖੇਤਰ ਅਧਿਕਾਰਤ ਭਾਰਤੀ ਨਕਸ਼ੇ ਅਨੁਸਾਰ ਹੀ ਦਿਖਾਇਆ ਜਾਣਾ ਚਾਹੀਦਾ ਹੈ। ਭਾਰਤ ਦੀ ਅਸਲ ਜ਼ਮੀਨ, ਅੰਤਰਰਾਸ਼ਟਰੀ ਸਰਹੱਦਾਂ ਜਾਂ ਖੇਤਰਫਲ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਇਹ ਬਦਲਾਅ ਸਿਰਫ਼ ਧਰਤੀ ਨੂੰ ਨਕਸ਼ੇ ’ਤੇ ਦਰਸਾਉਣ ਦੇ ਤਰੀਕੇ ਨਾਲ ਸਬੰਧਤ ਹੈ।







