ਕਾਂਗੋ ’ਚ ਵਿਆਹ ਸਮਾਗਮ ਦੌਰਾਨ ਲੱਗੀ ਭਿਆਨਕ ਅੱਗ, 22 ਜਣਿਆ ਦੀ ਮੌਤ

Top Trending News ਕੌਮਾਂਤਰੀ

  • ਕਾਂਗੋ ’ਚ ਵਿਆਹ ਸਮਾਗਮ ਦੌਰਾਨ ਲੱਗੀ ਭਿਆਨਕ ਅੱਗ, 22 ਜਣਿਆ ਦੀ ਮੌਤ
  • ਕਈ ਲੋਕ ਜ਼ਖਮੀ; ਬਚਣ ਲਈ ਭੱਜੇ ਲੋਕ ਤੰਗ ਗਲੀਆਂ ’ਚ ਫਸੇ, ਸੜਕ ਕਿਨਾਰੇ ਮਿਲੀਆਂ ਲਾਸ਼ਾਂ

ਨਵੀਂ ਦਿੱਲੀ, 6 ਸਤੰਬਰ (ਦੇਸ਼ ਕਲਿੱਕ ਬਿਊਰੋ): ਕਾਂਗੋ ਦੀ ਰਾਜਧਾਨੀ ਕਿੰਸ਼ਾਸਾ ’ਚ ਵਿਆਹ ਸਮਾਗਮ ਦੌਰਾਨ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਕਈ ਹੋਰ ਲੋਕ ਜ਼ਖਮੀ ਹੋਏ ਹਨ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਅੱਗ ਸ਼ੁੱਕਰਵਾਰ ਰਾਤ ਉੱਤਰੀ ਕਿੰਸ਼ਾਸਾ ਦੇ ਲਿੰਗਵਾਲਾ ਇਲਾਕੇ ਵਿੱਚ ਇੱਕ ਇਮਾਰਤ ’ਚ ਲੱਗੀ, ਜੋ ਸ਼ਨੀਵਾਰ ਸਵੇਰ ਤੱਕ ਜਾਰੀ ਰਹੀ। ਅੱਗ ਲੱਗਦੇ ਹੀ ਵਿਆਹ ਸਮਾਗਮ ਵਿੱਚ ਮੌਜੂਦ ਲੋਕਾਂ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਇਮਾਰਤ ਦੇ ਤੰਗ ਰਸਤਿਆਂ ਅਤੇ ਗਲੀਆਂ ਵਿੱਚ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਜਾਣ ਕਾਰਨ ਹਾਲਾਤ ਬੇਕਾਬੂ ਹੋ ਗਏ। ਲੋਕ ਇੱਕ-ਦੂਜੇ ਨੂੰ ਧੱਕੇ ਦਿੰਦੇ ਹੋਏ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਰਹੇ। ਹਾਦਸੇ ਤੋਂ ਬਾਅਦ ਕੁਝ ਲੋਕਾਂ ਨੂੰ ਸੜਕ ਕਿਨਾਰੇ ਲਿਟਾ ਕੇ ਮਦਦ ਦਿੱਤੀ ਗਈ। ਇਨ੍ਹਾਂ ਵਿੱਚ ਕੁਝ ਜ਼ਿੰਦਾ ਸਨ, ਜਦਕਿ ਕੁਝ ਦੀ ਮੌਤ ਹੋ ਚੁੱਕੀ ਸੀ।

ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ
ਅਧਿਕਾਰੀਆਂ ਨੇ ਅਜੇ ਤੱਕ ਅੱਗ ਲੱਗਣ ਦੇ ਸਹੀ ਕਾਰਨ ਦੀ ਪੁਸ਼ਟੀ ਨਹੀਂ ਕੀਤੀ। ਕਾਂਗੋ ਦੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਜੈਕਮਿਨ ਸ਼ਾਬਾਨੀ ਨੇ ਸ਼ਨੀਵਾਰ ਸਵੇਰੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਇਸ ਨੂੰ ਦਰਦਨਾਕ ਤ੍ਰਾਸਦੀ ਦੱਸਿਆ। ਅਧਿਕਾਰੀਆਂ ਵੱਲੋਂ ਅੱਗ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਅੰਤਿਮ ਗਿਣਤੀ ਸਪੱਸ਼ਟ ਹੋਣ ਦੀ ਉਮੀਦ ਹੈ।