Chandigarh Morcha: ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਬਣੀ ਸਹਿਮਤੀ

Top Trending News ਚੰਡੀਗੜ੍ਹ ਪੰਜਾਬ

 

Chandigarh Morcha: ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਬਣੀ ਸਹਿਮਤੀ

ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦਾ ਮਿਲਿਆ ਭਰੋਸਾ

ਚੰਡੀਗੜ੍ਹ 7 ਸਤੰਬਰ 2026

ਚੰਡੀਗੜ੍ਹ- ਮੋਹਾਲੀ ਬਾਰਡਰ ਉੱਤੇ ਮੋਰਚਾ ਲਗਾਈ ਬੈਠੇ ਕਿਸਾਨਾਂ ਦੀ ਬੀਤੇ ਕੱਲ੍ਹ ਪੰਜਾਬ ਸਰਕਾਰ ਦੇ ਨਾਲ ਅਹਿਮ ਮੀਟਿੰਗ ਹੋਈ, ਜਿਸ ਵਿੱਚ ਕਾਫੀ ਮੰਗਾਂ ਨੂੰ ਮੰਨਣ ਦਾ ਭਰੋਸਾ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਦਿੱਤਾ ਗਿਆ। ਜਾਣਕਾਰੀ ਮੁਤਾਬਕ, 1 ਸਤੰਬਰ ਤੋਂ ਧਰਨਾ ਦੇ ਰਹੀਆਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠਲੀਆਂ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਵਿਚਕਾਰ ਬੀਤੇ ਦਿਨ ਪੰਜਾਬ ਭਵਨ ਵਿਖੇ ਅਹਿਮ ਮੀਟਿੰਗ ਹੋਈ। ਸ਼ਾਮ 6 ਵਜੇ ਤੋਂ ਰਾਤ 8.30 ਵਜੇ ਤੱਕ ਚੱਲੀ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ, ਜਿਸ ਦੌਰਾਨ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ’ਤੇ ਸਹਿਮਤੀ ਬਣੀ।

ਸਹਿਮਤੀ ਅਨੁਸਾਰ ਪੰਜਾਬ ਦੇ ਪਾਣੀਆਂ ਨਾਲ ਸਬੰਧਤ ਗ਼ੈਰ-ਸੰਵਿਧਾਨਕ ਐਵਾਰਡਾਂ ਅਤੇ ਸਮਝੌਤਿਆਂ ਨੂੰ ਰੱਦ ਕਰਨ ਲਈ ਧਾਰਾ 78, 79 ਅਤੇ 80 ਹਟਾਉਣ, ਬੀਜ ਸੋਧ ਬਿੱਲ ਅਤੇ ਬਿਜਲੀ ਬਿੱਲਾਂ ਨੂੰ ਰੱਦ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਸਤੰਬਰ ਮਹੀਨੇ ਵਿੱਚ ਹੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ। ਇਸ ਇਜਲਾਸ ਦੌਰਾਨ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ।

ਇਸੇ ਤਰ੍ਹਾਂ ਸਹਿਕਾਰੀ ਬੈਂਕਾਂ ਦੇ ਇੱਕਮੁਸ਼ਤ ਕਰਜ਼ਾ ਨਿਪਟਾਰੇ ਸਬੰਧੀ ਵੀ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ’ਤੇ ਸਹਿਮਤੀ ਬਣੀ। ਕਿਸਾਨਾਂ ਦੀਆਂ ਮੋਟਰਾਂ ਅਤੇ ਕੇਬਲਾਂ ਦੀਆਂ ਚੋਰੀਆਂ ਰੋਕਣ ਲਈ ਵੀ ਢੁਕਵੇਂ ਕਦਮ ਚੁੱਕਣ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਹੀਦ ਕਿਸਾਨ ਪਰਿਵਾਰਾਂ ਦੇ ਰਹਿੰਦੇ ਮੁਆਵਜ਼ੇ ਅਤੇ ਨੌਕਰੀ ਨਾਲ ਸਬੰਧਤ ਮਾਮਲਿਆਂ ਦੇ ਨਿਪਟਾਰੇ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਵੇਗਾ।