ਸਿਹਤ ਵਿਭਾਗ ਵਲੋਂ ਡੇਂਗੂ-ਵਿਰੋਧੀ ਮੁਹਿੰਮ ਹੋਰ ਤੇਜ਼

Top Trending News ਸਿਹਤ ਪੰਜਾਬ

 

ਸਿਹਤ ਵਿਭਾਗ ਵਲੋਂ ਡੇਂਗੂ-ਵਿਰੋਧੀ ਮੁਹਿੰਮ ਹੋਰ ਤੇਜ਼

ਹੁਣ ਹਰ ਸੋਮਵਾਰ ਨੂੰ ਵੀ ਘਰ-ਘਰ ਹੋ ਰਹੀ ਹੈ ਚੈਕਿੰਗ

ਸਿਵਲ ਸਰਜਨ ਵਲੋਂ ਫ਼ੇਜ਼ 9 ਦੇ ਘਰਾਂ ਵਿਚ ਕੀਤਾ ਗਿਆ ਨਿਰੀਖਣ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਸਤੰਬਰ 2029- ਜ਼ਿਲ੍ਹੇ ਵਿਚ ਚੱਲ ਰਹੀ ਡੇਂਗੂ-ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿਤਾ ਗਿਆ ਹੈ ਤਾਂ ਕਿ ਜ਼ਿਲ੍ਹਾ ਵਾਸੀਆਂ ਨੂੰ ਡੇਂਗੂ ਜਿਹੇ ਜਾਨਲੇਵਾ ਬੁਖ਼ਾਰ ਤੋਂ ਬਚਾਇਆ ਜਾ ਸਕੇ।ਹੁਣ ਹਰ ਸੋਮਵਾਰ ਨੂੰ ਵੀ ਜ਼ਿਲ੍ਹੇ ਦੇ ਉੱਚ ਜੋਖ਼ਮ ਤੇ ਹੋਰ ਸੰਵੇਦਨਸ਼ੀਲ ਖੇਤਰਾਂ ਵਿਚ ਚੈਕਿੰਗ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਇਨ੍ਹਾਂ ਦਿਨਾਂ ਵਿਚ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਦੇ ਪੈਦਾ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ, ਇਸ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਹੁਣ ਹਰ ਸੋਮਵਾਰ ਨੂੰ ਵੀ ਘਰ-ਘਰ ਜਾ ਕੇ ਨਿਰੀਖਣ ਕੀਤਾ ਜਾ ਰਿਹਾ ਹੈ। ਡਾ. ਜੈਨ ਨੇ ਅੱਜ ਸ਼ਹਿਰ ਦੇ ਫ਼ੇਜ਼ 9 ਵਿਚ ਵੱਖ ਵੱਖ ਘਰਾਂ ਵਿਚ ਜਾ ਕੇ ਕੰਟੇਨਰ ਚੈਕ ਕੀਤੇ।

ਉਨ੍ਹਾਂ ਨਾਲ ਸਟੇਟ ਤੋਂ ਵਿਸ਼ੇਸ਼ ਤੌਰ ਤੇ ਆਈ ਚੈਕਿੰਗ ਟੀਮ ਵੀ ਸੀ। ਡਾ. ਜੈਨ ਨੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਕੁੱਝ ਦਿਨਾਂ ਵਿਚ ਖ਼ਤਰਨਾਕ ਮੱਛਰ ਦਾ ਰੂਪ ਲੈ ਲੈਂਦਾ ਹੈ ਜਿਹੜਾ ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਹੁੰਦਾ ਹੈ।

ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਨੇ ਦਸਿਆ ਕਿ ਸਿਹਤ ਟੀਮਾਂ ਨੇ ਪਾਣੀ ਇਕੱਤਰ ਹੋਣ ਦੀ ਸੰਭਾਵਨਾ ਵਾਲੀਆਂ ਥਾਵਾਂ ’ਤੇ ਨਿਰੀਖਣ ਕੀਤਾ । ਜਿਥੇ ਪਾਣੀ ਖੜਾ ਸੀ, ਉਥੇ ਦਵਾਈ ਦਾ ਛਿੜਕਾਅ ਕੀਤਾ ਗਿਆ। ਟੀਮਾਂ ਨੇ ਗਮਲੇ, ਕੂਲਰ, ਫ਼ਰਿੱਜ ਅਤੇ ਹੋਰ ਕੰਟੇਨਰ ਚੈੱਕ ਕੀਤੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿਤਾ ਜਾਵੇ।

ਉਨ੍ਹਾਂ ਦਸਿਆ ਕਿ ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀਅ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਸਿਹਤ ਟੀਮ ਵਿਚ ਪ੍ਰੇਮ ਸਰੂਪ ਸ਼ਰਮਾ, ਅਮਰੀਕ ਸਿੰਘ, ਬਲਜੀਤ ਕੌਰ, ਗੁਰਪ੍ਰੀਤ ਸਿੰਘ, ਨਿਜਾਤ ਇੰਦਰ ਆਦਿ ਸ਼ਾਮਲ ਸਨ।