ਵੱਡੀ ਰਾਹਤ: ਹੁਣ 25 ਦਿਨਾਂ ਬਾਅਦ ਬੁੱਕ ਹੋਵੇਗਾ ਘਰੇਲੂ LPG ਸਿਲੰਡਰ

Top Trending News ਦਿੱਲੀ ਰਾਸ਼ਟਰੀ

 

ਵੱਡੀ ਰਾਹਤ: ਹੁਣ 25 ਦਿਨਾਂ ਬਾਅਦ ਬੁੱਕ ਹੋਵੇਗਾ ਘਰੇਲੂ LPG ਸਿਲੰਡਰ

ਚੰਡੀਗੜ੍ਹ, 8 ਸਤੰਬਰ 2026: ਕੇਂਦਰ ਸਰਕਾਰ ਨੇ ਦਿਹਾਤੀ ਖੇਤਰਾਂ ਵਿੱਚ ਰਹਿੰਦੇ ਘਰੇਲੂ ਐਲ.ਪੀ.ਜੀ. ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਰਿਫਿਲ ਸਿਲੰਡਰ ਦੀ ਬੁਕਿੰਗ ਲਈ ਲਾਜ਼ਮੀ 45 ਦਿਨਾਂ ਦੇ ਅੰਤਰ ਨੂੰ ਘਟਾ ਕੇ 25 ਦਿਨ ਕਰ ਦਿੱਤਾ ਹੈ। ਨਵੇਂ ਨਿਯਮ ਤਹਿਤ ਹੁਣ ਪੇਂਡੂ ਖੇਤਰਾਂ ਦੇ ਖਪਤਕਾਰ ਪਿਛਲੀ ਰਿਫਿਲ ਬੁਕਿੰਗ ਤੋਂ 25 ਦਿਨ ਪੂਰੇ ਹੋਣ ਉਪਰੰਤ ਆਪਣਾ ਅਗਲਾ ਘਰੇਲੂ ਗੈਸ ਸਿਲੰਡਰ ਬੁੱਕ ਕਰਵਾ ਸਕਣਗੇ। ਇਸ ਫੈਸਲੇ ਨਾਲ ਵੱਧ ਗੈਸ ਦੀ ਖਪਤ ਕਰਨ ਵਾਲੇ ਪਰਿਵਾਰਾਂ ਨੂੰ ਖਾਸ ਤੌਰ ’ਤੇ ਰਾਹਤ ਮਿਲਣ ਦੀ ਉਮੀਦ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੈਸ ਸਰਵਿਸ ਦੇ ਮਾਲਕ ਬਿਕਰਮਜੀਤ ਸਿੰਘ ਰਾਠ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦਿਹਾਤੀ ਖੇਤਰਾਂ ਵਿੱਚ ਘਰੇਲੂ ਗੈਸ ਸਿਲੰਡਰ ਦੀ ਅਗਲੀ ਰਿਫਿਲ ਬੁਕਿੰਗ ਲਈ 45 ਦਿਨਾਂ ਦਾ ਅੰਤਰ ਰੱਖਿਆ ਗਿਆ ਸੀ, ਜਦਕਿ ਸ਼ਹਿਰੀ ਖੇਤਰਾਂ ਵਿੱਚ ਇਹ ਮਿਆਦ 25 ਦਿਨ ਸੀ। ਇਸ ਕਾਰਨ ਪੇਂਡੂ ਇਲਾਕਿਆਂ ਵਿੱਚ ਵੱਡੇ ਪਰਿਵਾਰਾਂ ਅਤੇ ਵਧੇਰੇ ਗੈਸ ਦੀ ਵਰਤੋਂ ਕਰਨ ਵਾਲੇ ਘਰਾਂ ਨੂੰ ਅਗਲਾ ਸਿਲੰਡਰ ਬੁੱਕ ਕਰਵਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਰਾਠ ਨੇ ਦੱਸਿਆ ਕਿ ਕੌਮਾਂਤਰੀ ਪੱਧਰ ’ਤੇ ਪੈਦਾ ਹੋਏ ਹਾਲਾਤਾਂ, ਖਾਸ ਕਰਕੇ ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਤੋਂ ਬਾਅਦ ਐਲ.ਪੀ.ਜੀ. ਦੀ ਸਪਲਾਈ ਅਤੇ ਉਪਲਬਧਤਾ ਨੂੰ ਲੈ ਕੇ ਸਰਕਾਰ ਵੱਲੋਂ ਦਿਹਾਤੀ ਖੇਤਰਾਂ ਲਈ 45 ਦਿਨਾਂ ਦਾ ਅੰਤਰ ਲਾਗੂ ਕੀਤਾ ਗਿਆ ਸੀ। ਹੁਣ ਦੇਸ਼ ਵਿੱਚ ਐਲ.ਪੀ.ਜੀ. ਦੀ ਉਪਲਬਧਤਾ ਅਤੇ ਸਪਲਾਈ ਦੀ ਸਥਿਤੀ ਵਿੱਚ ਸੁਧਾਰ ਨੂੰ ਦੇਖਦਿਆਂ ਇਹ ਅੰਤਰ ਘਟਾ ਕੇ 25 ਦਿਨ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਨਵੇਂ ਨਿਯਮ ਨਾਲ ਹੁਣ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਘਰੇਲੂ ਐਲ.ਪੀ.ਜੀ. ਰਿਫਿਲ ਬੁਕਿੰਗ ਲਈ ਇੱਕੋ ਜਿਹੀ 25 ਦਿਨਾਂ ਦੀ ਮਿਆਦ ਹੋਵੇਗੀ। ਇਸ ਨਾਲ ਦਿਹਾਤੀ ਖਪਤਕਾਰਾਂ ਨੂੰ ਨਾ ਸਿਰਫ਼ ਬੁਕਿੰਗ ਵਿੱਚ ਵਧੇਰੇ ਸਹੂਲਤ ਮਿਲੇਗੀ, ਸਗੋਂ ਜਿਨ੍ਹਾਂ ਪਰਿਵਾਰਾਂ ਵਿੱਚ ਰਸੋਈ ਲਈ ਗੈਸ ਦੀ ਖਪਤ ਜ਼ਿਆਦਾ ਹੈ, ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਵੀ ਆਸਾਨੀ ਨਾਲ ਪੂਰੀਆਂ ਹੋ ਸਕਣਗੀਆਂ।

ਬਿਕਰਮਜੀਤ ਸਿੰਘ ਰਾਠ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਨਿਯਮ ਅਨੁਸਾਰ ਸਮੇਂ ਸਿਰ ਆਪਣੀ ਗੈਸ ਬੁਕਿੰਗ ਕਰਵਾਉਣ ਅਤੇ ਐਲ.ਪੀ.ਜੀ. ਦੀ ਵਰਤੋਂ ਸੰਜਮ ਨਾਲ ਕਰਨ। ਉਨ੍ਹਾਂ ਕਿਹਾ ਕਿ ਖਪਤਕਾਰਾਂ ਵੱਲੋਂ ਗੈਸ ਦੀ ਸੁਚੱਜੀ ਵਰਤੋਂ ਕਰਨ ਨਾਲ ਸਪਲਾਈ ਪ੍ਰਬੰਧ ਨੂੰ ਸੁਚਾਰੂ ਬਣਾਈ ਰੱਖਣ ਵਿੱਚ ਵੀ ਮਦਦ ਮਿਲੇਗੀ।