ਲੁਧਿਆਣਾ ‘ਚ ਗਰਭਵਤੀ ਔਰਤ ਦੀ ਮੌਤ! ਪਤੀ ਸਮੇਤ ਤਿੰਨ ਖ਼ਿਲਾਫ਼ FIR ਦਰਜ

Top Trending News ਪੰਜਾਬ

 

ਲੁਧਿਆਣਾ ‘ਚ ਗਰਭਵਤੀ ਔਰਤ ਦੀ ਮੌਤ! ਪਤੀ ਸਮੇਤ ਤਿੰਨ ਖ਼ਿਲਾਫ਼ FIR ਦਰਜ

ਹਲਵਾਰਾ, 8 ਸਤੰਬਰ 2026: ਮਹਿਤਾਬਗੜ੍ਹ ਘੁੰਗਰਾਣਾ, ਜ਼ਿਲ੍ਹਾ ਲੁਧਿਆਣਾ ਦੀ 22 ਸਾਲਾ ਹਰਪ੍ਰੀਤ ਕੌਰ ਦੀ ਮੌਤ ਦੇ ਮਾਮਲੇ ਵਿੱਚ ਉਸ ਦੇ ਪਰਿਵਾਰ ਨੇ ਸਹੁਰੇ ਪਰਿਵਾਰ ’ਤੇ ਕੁੱਟਮਾਰ ਕਰਕੇ ਹੱਤਿਆ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰ ਮੁਤਾਬਕ ਹਰਪ੍ਰੀਤ ਕੌਰ ਕਰੀਬ ਤਿੰਨ ਤੋਂ ਚਾਰ ਮਹੀਨੇ ਦੀ ਗਰਭਵਤੀ ਸੀ ਅਤੇ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ।

ਹਰਪ੍ਰੀਤ ਕੌਰ ਦਾ ਵਿਆਹ ਪਿੰਡ ਬੁਰਜ ਲਿੱਟਾ ਵਾਸੀ ਜਸਪ੍ਰੀਤ ਸਿੰਘ ਜੱਸ ਪੁੱਤਰ ਜਗਦੀਪ ਸਿੰਘ ਨਾਲ ਹੋਇਆ ਸੀ। ਮ੍ਰਿਤਕਾ ਦੇ ਪਿਤਾ ਜਗਤਾਰ ਸਿੰਘ ਅਤੇ ਚਾਚਾ ਦਰਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸੁਧਾਰ ਪੁਲਿਸ ਨੇ ਪਤੀ ਜਸਪ੍ਰੀਤ ਸਿੰਘ, ਸਹੁਰੇ ਜਗਦੀਪ ਸਿੰਘ ਅਤੇ ਦਾਦਾ ਸਹੁਰੇ ਨਗਿੰਦਰ ਸਿੰਘ ਵਾਸੀ ਬੁਰਜ ਲਿੱਟਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕਾ ਦੀ ਮਾਤਾ ਨੇ ਦੋਸ਼ ਲਗਾਇਆ ਕਿ ਉਸ ਦੀ ਧੀ ਦੀ ਹੱਤਿਆ ਕੀਤੀ ਗਈ ਹੈ ਅਤੇ ਸਹੁਰੇ ਪਰਿਵਾਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪਰਿਵਾਰ ਨੇ ਜਸਪ੍ਰੀਤ ਸਿੰਘ ’ਤੇ ਨਸ਼ਾ ਕਰਨ ਦਾ ਆਦੀ ਹੋਣ ਦੇ ਵੀ ਦੋਸ਼ ਲਗਾਏ ਹਨ।

ਪੁਲਿਸ ਜ਼ਿਲ੍ਹਾ ਮੁਖੀ ਡਾ. ਅੰਕੁਰ ਗੁਪਤਾ ਅਤੇ ਡੀਐੱਸਪੀ ਦਾਖਾ ਕਰਨ ਸਿੰਘ ਸੰਧੂ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸੁਧਾਰ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।