ਵੱਡੀ ਖ਼ਬਰ: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ 11 ਸਤੰਬਰ ਤੱਕ ਵਧੀ
ਚੰਡੀਗੜ੍ਹ 9 ਸਤੰਬਰ 2026
ਪੰਜਾਬ ਵਿੱਚ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ‘ਪੈਨ ਡਾਊਨ’ ਹੜਤਾਲ ਕਾਰਨ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਕਾਫ਼ੀ ਪ੍ਰਭਾਵਿਤ ਹੋਇਆ। ਮੁਲਾਜ਼ਮਾਂ ਨੇ ਜ਼ਿਲ੍ਹਾ, ਡਾਇਰੈਕਟੋਰੇਟ ਅਤੇ ਸਕੱਤਰੇਤ ਪੱਧਰ ’ਤੇ ਧਰਨੇ ਦੇ ਕੇ AAP ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਸਾਂਝੇ ਮੁਲਾਜ਼ਮ ਮੋਰਚੇ ਨੇ ਹੁਣ ਇਸ ਸੰਘਰਸ਼ ਨੂੰ 11 ਸਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਫਿਲਹਾਲ ਧਰਨੇ ਅਤੇ ਪ੍ਰਦਰਸ਼ਨ ਡਾਇਰੈਕਟੋਰੇਟ ਤੇ ਸਕੱਤਰੇਤ ਪੱਧਰ ’ਤੇ ਕੀਤੇ ਜਾਣਗੇ।
ਕੱਲ੍ਹ ਪੰਜਾਬ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ’ਤੇ ਮੁਲਾਜ਼ਮ ਦਫ਼ਤਰਾਂ ਵਿੱਚ ਹਾਜ਼ਰ ਤਾਂ ਹੋਏ, ਪਰ ਉਨ੍ਹਾਂ ਨੇ ਕੰਮਕਾਜ ਦਾ ਬਾਈਕਾਟ ਕੀਤਾ। ਚੰਡੀਗੜ੍ਹ ਸਥਿਤ ਡਾਇਰੈਕਟੋਰੇਟਾਂ, ਸਕੱਤਰੇਤ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਸਰਕਾਰੀ ਦਫ਼ਤਰਾਂ ਵਿੱਚ ਕੰਪਿਊਟਰ ਬੰਦ ਰਹੇ। ਇਸ ਕਾਰਨ ਸਰਕਾਰੀ ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮੁਲਾਜ਼ਮਾਂ ਦੀਆਂ ਪ੍ਰਮੁੱਖ ਮੰਗਾਂ ਵਿੱਚ 18 ਫ਼ੀਸਦੀ ਲੰਬਿਤ ਮਹਿੰਗਾਈ ਭੱਤਾ (ਡੀਏ) ਅਤੇ ਇਸ ਦਾ ਬਕਾਇਆ ਜਾਰੀ ਕਰਨਾ, ਪੁਰਾਣੀ ਪੈਨਸ਼ਨ ਯੋਜਨਾ (ਓਪੀਐੱਸ) ਪੂਰੀ ਤਰ੍ਹਾਂ ਲਾਗੂ ਕਰਨਾ, ਤਨਖ਼ਾਹਾਂ ਤੇ ਹੋਰ ਭੱਤਿਆਂ ਦੇ ਬਕਾਏ ਜਾਰੀ ਕਰਨਾ ਅਤੇ ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਏਸੀਪੀ ਸਮੇਤ ਹੋਰ ਸੇਵਾ ਲਾਭ ਬਹਾਲ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।







