Punjab News: ਪੈਟਰੋਲ ਪੰਪ ’ਤੇ ਕਰਮਚਾਰੀ ਉੱਪਰ ਹਮਲਾ
ਸਾਥੀ ਨੂੰ ਬਚਾਉਣ ਲਈ ਸਾਬਕਾ ਫੌਜੀ ਨੇ ਕੀਤੇ ਹਵਾਈ ਫਾਇਰ
ਮੋਗਾ 9 ਸਤੰਬਰ 2026
ਮੋਗਾ-ਲੁਧਿਆਣਾ ਕੌਮੀ ਮਾਰਗ ’ਤੇ ਪਿੰਡ ਚੁੜਚੱਕ ਨੇੜੇ ਬਾਲਾਜੀ ਪੈਟਰੋਲ ਫਿਲਿੰਗ ਸਟੇਸ਼ਨ ’ਤੇ ਸੋਮਵਾਰ ਰਾਤ ਛੇ ਨੌਜਵਾਨਾਂ ਵੱਲੋਂ ਇੱਕ ਕਰਮਚਾਰੀ ’ਤੇ ਰਾਡਾਂ ਤੇ ਡੰਡਿਆਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਥੀ ਕਰਮਚਾਰੀ ਨੂੰ ਬਚਾਉਣ ਲਈ ਸੁਰੱਖਿਆ ਗਾਰਡ ਅਤੇ ਸਾਬਕਾ ਫੌਜੀ ਜਗਰਾਜ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਦੋ ਹਵਾਈ ਫਾਇਰ ਕੀਤੇ। ਇਸ ਦੌਰਾਨ ਇੱਕ ਹਮਲਾਵਰ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਜਗਰਾਜ ਸਿੰਘ ਅਨੁਸਾਰ ਘਟਨਾ ਸੋਮਵਾਰ ਰਾਤ ਕਰੀਬ 10:30 ਵਜੇ ਵਾਪਰੀ। ਛੇ ਨੌਜਵਾਨ ਚਿੱਟੀ ਸਕਾਰਪੀਓ ’ਚ ਪੈਟਰੋਲ ਭਰਵਾਉਣ ਲਈ ਪੰਪ ’ਤੇ ਆਏ ਸਨ। ਕਿਸੇ ਗੱਲ ਨੂੰ ਲੈ ਕੇ ਕਰਮਚਾਰੀ ਜਸਪਾਲ ਸਿੰਘ ਨਾਲ ਉਨ੍ਹਾਂ ਦੀ ਕਹਾਸੁਣੀ ਹੋ ਗਈ। ਇਸ ਤੋਂ ਬਾਅਦ ਨੌਜਵਾਨਾਂ ਨੇ ਗੱਡੀ ਵਿੱਚੋਂ ਲੋਹੇ ਦੀਆਂ ਰਾਡਾਂ ਅਤੇ ਡੰਡੇ ਕੱਢ ਕੇ ਜਸਪਾਲ ’ਤੇ ਹਮਲਾ ਕਰ ਦਿੱਤਾ।
ਹਵਾਈ ਫਾਇਰ ਹੋਣ ਤੋਂ ਬਾਅਦ ਹਮਲਾਵਰ ਆਪਣੇ ਜ਼ਖ਼ਮੀ ਸਾਥੀ ਨੂੰ ਸਕਾਰਪੀਓ ਵਿੱਚ ਪਾ ਕੇ ਮੌਕੇ ਤੋਂ ਫਰਾਰ ਹੋ ਗਏ।
ਡੀਐਸਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਨੇ ਦੱਸਿਆ ਕਿ ਜਗਰਾਜ ਸਿੰਘ ਦੇ ਬਿਆਨਾਂ ’ਤੇ ਥਾਣਾ ਅਜੀਤਵਾਲ ਵਿੱਚ ਛੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਨੰਬਰ 148 ਦਰਜ ਕੀਤੀ ਗਈ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਸਕਾਰਪੀਓ ਦੇ ਨੰਬਰ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ।







