BREAKING: ਜੰਮੂ-ਕਸ਼ਮੀਰ ਅਤੇ ਪਾਕਿਸਤਾਨ ‘ਚ ਭੂਚਾਲ ਦੇ ਝਟਕੇ, ਲੋਕਾਂ ‘ਚ ਦਹਿਸ਼ਤ
ਨਵੀਂ ਦਿੱਲੀ, 9 ਸਤੰਬਰ 2026
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਇਲਾਕੇ ਸਮੇਤ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ਵਿੱਚ ਕੁਝ ਸਮੇਂ ਲਈ ਘਬਰਾਹਟ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ, ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 3.2 ਦਰਜ ਕੀਤੀ ਗਈ। ਭੂਚਾਲ ਦੇ ਝਟਕੇ ਸਵੇਰੇ ਮਹਿਸੂਸ ਕੀਤੇ ਗਏ। ਇਸੇ ਦੌਰਾਨ ਪਾਕਿਸਤਾਨ ਵਿੱਚ ਵੀ ਭੂਚਾਲ ਆਉਣ ਦੀ ਸੂਚਨਾ ਹੈ, ਜਿਸ ਦੀ ਤੀਬਰਤਾ 4.0 ਰਹੀ।
ਭੂਚਾਲ ਦੇ ਝਟਕੇ ਮਹਿਸੂਸ ਹੁੰਦਿਆਂ ਹੀ ਕਈ ਲੋਕ ਆਪਣੇ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਨਿਕਲ ਆਏ। ਹਾਲਾਂਕਿ, ਮੁੱਢਲੀ ਜਾਣਕਾਰੀ ਮੁਤਾਬਕ ਦੋਵਾਂ ਥਾਵਾਂ ਤੋਂ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ।
ਭੂਚਾਲ ਵਿਗਿਆਨੀਆਂ ਮੁਤਾਬਕ ਹਿਮਾਲਿਆਈ ਖੇਤਰ ਭੂਗੋਲਿਕ ਤੌਰ ’ਤੇ ਭੂਚਾਲ ਦੀ ਦ੍ਰਿਸ਼ਟੀ ਤੋਂ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇਸ ਕਾਰਨ ਇਸ ਖੇਤਰ ਵਿੱਚ ਸਮੇਂ-ਸਮੇਂ ’ਤੇ ਘੱਟ ਜਾਂ ਦਰਮਿਆਨੀ ਤੀਬਰਤਾ ਵਾਲੇ ਭੂਚਾਲ ਆਉਂਦੇ ਰਹਿੰਦੇ ਹਨ।







