- ਖੇਡਾਂ ਵਤਨ ਪੰਜਾਬ ਦੀਆਂ 2026 ਦਾ ਚੌਥਾ ਸੀਜ਼ਨ : 14 ਸਾਲ ਤੋਂ ਛੋਟਾ ਵੀ ਅਤੇ 70 ਸਾਲ ਤੋਂ ਵੱਧ ਉਮਰ ਦਾ ਵੀ ਪੰਜਾਬੀ ਲੈ ਸਕਦਾ ਹੈ ਭਾਗ
- ਬੱਚੇ, ਨੌਜਵਾਨ, ਬਜ਼ੁਰਗ, ਮਾਤਾਵਾਂ, ਭੈਣਾਂ ਹਰ ਇਕ ਵਿਅਕਤੀ ਬਣ ਸਕਦਾ ਖੇਡਾਂ ਵਤਨ ਪੰਜਾਬ ਦੀਆਂ ‘ਚ ਖਿਡਾਰੀ
- https://sports.punjab.gov.in/login/ ਉੱਤੇ ਭਾਗ ਲੈਣ ਲਈ ਭਰੇ ਜਾਣ ਵੇਰਵੇ
ਬਠਿੰਡਾ, 9 ਸਤੰਬਰ (ਦੇਸ਼ ਕਲਿੱਕ ਬਿਊਰੋ): ਖੇਡਾਂ ਵਤਨ ਪੰਜਾਬ ਦੀਆਂ-2026 ਦੇ ਚੌਥੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਵਿਚ ਹਰ ਇਕ ਪੰਜਾਬ ਵਾਸੀ ਖਿਡਾਰੀ ਵਜੋਂ ਭਾਗ ਲੈ ਸਕਦਾ ਹੈ। 14 ਸਾਲ ਦੀ ਉਮਰ ਤੋਂ ਘੱਟ ਅਤੇ 70 ਸਾਲ ਦੀ ਉਮਰ ਤੋਂ ਵੱਧ ਬਜ਼ੁਰਗਾਂ ਬੱਚੇ, ਨੌਜਵਾਨ, ਬਜ਼ੁਰਗ, ਮਾਤਾਵਾਂ, ਧੀਆਂ, ਭੈਣਾਂ ਅਤੇ ਵੀਰ ਇਸ ਖੇਡ ਮੇਲੇ ਦਾ ਭਾਗ ਬਣ ਸਕਦੇ ਹਨ।
ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਅੱਜ ਇਹ ਜਾਣਕਾਰੀ ਖੇਡਾਂ ਵਤਨ ਪੰਜਾਬ ਦੀਆਂ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਬੈਠਕ ਵਿੱਚ ਵਿਧਾਇਕ ਬਠਿੰਡਾ (ਸ਼ਹਿਰੀ) ਸ਼੍ਰੀ ਜਗਰੂਪ ਗਿੱਲ, ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ, ਚੇਅਰਮੈਨ ਨਗਰ ਸੁਧਾਰ ਟਰਸਟ ਸ਼੍ਰੀ ਜਤਿੰਦਰ ਭੱਲਾ, ਹਲਕਾ ਇੰਚਾਰਜ ਬਠਿੰਡਾ (ਦਿਹਾਤੀ) ਸ਼੍ਰੀ ਗੋਪਾਲ ਸਿੰਘ ਕੋਟਫੱਤਾ, ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਸ੍ਰੀ ਬਲਕਰਨ ਸਿੰਘ ਮਾਹਲ, ਸਹਾਇਕ ਕਮਿਸ਼ਨਰ (ਜ)ਸ੍ਰੀ ਗੁਰਜਿੰਦਰ ਸਿੰਘ, ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪਿੰਦਰ ਸਿੰਘ ਬਰਾੜ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ, ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਹੋਰ ਲੋਕ ਹਾਜ਼ਰ ਸਨ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੈ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਚ ਭਾਗ ਲੈਣਾ ਬਹੁਤ ਹੀ ਆਸਾਨ ਹੈ । ਇਸ ਵਿਚ ਭਾਗ ਲੈਣ ਲੈ https://sports.punjab.gov.in/login/ ਉੱਤੇ ਜਾ ਕੇ ਵੇਰਵੇ ਭਰੇ ਜਾ ਸਕਦੇ ਹਨ, ਜਿਸ ਵਿਚ ਖਿਡਾਰੀ ਦਾ ਨਾਮ, ਆਧਾਰ ਕਾਰਡ ਨੰਬਰ, ਭਾਗ ਲੈਣ ਵਾਲੀ ਖੇਡ ਬਾਰੇ ਜਾਣਕਾਰੀ ਆਦਿ ਭਰੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਖੇਡਾਂ ਦੀ ਸ਼ੁਰੂਆਤ ਬਠਿੰਡਾ ਵਿਖੇ 5 ਸਤੰਬਰ ਨੂੰ ਕੀਤੀ ਗਈ ਸੀ ਅਤੇ 29 ਨਵੰਬਰ ਨੂੰ ਇਸ ਦਾ ਸਮਾਪਤੀ ਸਮਾਰੋਹ ਪਟਿਆਲਾ ਵਿਖੇ ਹੋਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਪਹਿਲਾ ਸੀਜ਼ਨ ਮਾਨ ਸਰਕਾਰ ਨੇ 2022 ਵਿੱਚ ਕਰਵਾਇਆ ਸੀ। ਇਹਨਾਂ ਖੇਡਾਂ ਵਿੱਚ ਪੰਜ ਲੱਖ ਤੱਕ ਹਿੱਸੇਦਾਰੀ ਰਹੀ ਹੈ। ਇਸ ਵਾਰ 10 ਲੱਖ ਤੱਕ ਦਾ ਟੀਚਾ ਹੈ। ਇਹਨਾਂ ਖੇਡਾਂ ਵਿੱਚ 9 ਉਮਰ ਵਰਗ ਵਿੱਚ 38 ਖੇਡਾਂ ਤੇ 1 ਪ੍ਰਦਰਸ਼ਨੀ ਖੇਡ (ਟੈਨਿਸ ਬਾਲ ਕ੍ਰਿਕਟ) ਅਤੇ 4 ਪੈਰਾ ਸਪੋਰਟਸ ਖੇਡਾਂ ਦੇ ਮੁਕਾਬਲੇ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ਉੱਤੇ ਕਰਵਾਏ ਜਾ ਰਹੇ ਹਨ। ਮੁੰਡਿਆਂ ਅਤੇ ਕੁੜੀਆਂ ਦੇ ਮੁਕਾਬਲੇ ਹੋਣਗੇ। ਜੇਤੂਆਂ ਨੂੰ 12 ਕਰੋੜ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਅਤੇ ਗ੍ਰੇਡੇਸ਼ਨ ਸਰਟੀਫਿਕੇਟ ਦਿੱਤੇ ਜਾਣਗੇ।
9 ਉਮਰ ਵਰਗਾਂ ਵਿੱਚ ਅੰਡਰ-14, ਅੰਡਰ-17, ਅੰਡਰ-21, 21-30, 31-40, 41-50, 51-60, 61-70 ਅਤੇ 70 ਸਾਲ ਤੋਂ ਉੱਪਰ ਸ਼ਾਮਲ ਹਨ। ਬਲਾਕ ਪੱਧਰ ਉੱਤੇ 7 ਖੇਡਾਂ ਦੇ ਮੁਕਾਬਲੇ ਸ਼ੁਰੂ ਹੋ ਰਹੇ ਹਨ ਜੋ 18 ਸਤੰਬਰ ਤੱਕ ਚੱਲਣਗੇ। ਇਹ ਸੱਤ ਖੇਡਾਂ ਅਥਲੈਟਿਕਸ, ਖੋਹ-ਖੋਹ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ), ਫੁੱਟਬਾਲ, ਵਾਲੀਬਾਲ (ਸਮੈਸ਼ਿੰਗ) ਅਤੇ ਵਾਲੀਬਾਲ (ਸ਼ੁਟਿੰਗ) ਹਨ।
ਉਨ੍ਹਾਂ ਦੱਸਿਆ ਕਿ 20 ਸਤੰਬਰ ਤੋਂ 30 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਹੋਣਗੇ। ਜ਼ਿਲਾ ਪੱਧਰੀ ਖੇਡਾਂ ਵਿੱਚ ਬਲਾਕ ਪੱਧਰ ਦੀਆ 7 ਖੇਡਾਂ ਦੇ ਜੇਤੂਆਂ ਤੋਂ ਇਲਾਵਾ 21 ਹੋਰ ਖੇਡਾਂ ਸਿੱਧੀਆਂ ਜ਼ਿਲ੍ਹਾ ਪੱਧਰ ਉਤੇ ਨਵੀਆਂ ਸ਼ਾਮਿਲ ਹੋਣਗੀਆਂ। ਜ਼ਿਲ੍ਹਾ ਪੱਧਰ ਉੱਤੇ ਕੁੱਲ 28 ਖੇਡਾਂ ਦੇ ਮੁਕਾਬਲੇ ਹੋਣਗੇ। ਨਵੀਆਂ 21 ਖੇਡਾਂ ਵਿੱਚ ਹੈਡਬਾਲ, ਸਾਫਟਬਾਲ, ਜੂਡੋ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰਲਿਫਟਿੰਗ, ਲਾਅਨ ਟੈਨਿਸ, ਰੈਸਲਿੰਗ, ਸਵੀਮਿੰਗ, ਬਾਕਸਿੰਗ, ਟੇਬਲ ਟੈਨਿਸ, ਵੇਟਲਿਫਟਿੰਗ, ਚੈੱਸ, ਸ਼ੂਟਿੰਗ, ਫੈਨਸਿੰਗ, ਰੋਲਰ ਸਕੇਟਿੰਗ ਅਤੇ ਆਰਚਰੀ ਸ਼ਾਮਲ ਹਨ।
10 ਅਕਤੂਬਰ ਤੋਂ 23 ਨਵੰਬਰ ਤੱਕ ਸੂਬਾ ਪੱਧਰ ਦੇ ਮੁਕਾਬਲੇ ਹੋਣਗੇ। ਸੂਬਾ ਪੱਧਰ ਉੱਤੇ ਜ਼ਿਲ੍ਹਾ ਪੱਧਰ ਦੀਆਂ 28 ਖੇਡਾਂ ਦੇ ਜੇਤੂਆਂ ਤੋਂ ਇਲਾਵਾ 10 ਹੋਰ ਖੇਡਾਂ ਸਿੱਧੀਆਂ ਸੂਬਾ ਪੱਧਰ ਉੱਤੇ ਨਵੀਆਂ ਸ਼ਾਮਲ ਹੋਣਗੀਆਂ। ਸੂਬਾ ਪੱਧਰ ਉਤੇ ਕੁੱਲ 38 ਖੇਡਾਂ ਦੇ ਮੁਕਾਬਲੇ ਹੋਣਗੇ। ਨਵੀਆਂ 10 ਖੇਡਾਂ ਵਿੱਚ ਜਿਮਨਾਸਟਿਕ, ਰੋਇੰਗ, ਕੈਕਿੰਗ ਕੈਨੋਵਿੰਗ, ਵੁਸ਼ੂ, ਰਗਬੀ, ਸਾਈਕਲਿੰਗ, ਘੁੜਸਵਾਰੀ, ਤਾਇਕਵਾਡੋ, ਬੇਸਬਾਲ ਅਤੇ ਕਰਾਟੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਚਾਰ ਪੈਰਾ ਖੇਡਾਂ ਦੇ ਮੁਕਾਬਲੇ 25 ਤੋਂ 28 ਨਵੰਬਰ ਤੱਕ ਹੋਣਗੇ। ਪੈਰਾ ਖੇਡਾਂ ਵਿੱਚ ਪੈਰਾ ਪਾਵਰਲਿਫਟਿੰਗ, ਪੈਰਾ ਬੈਡਮਿੰਟਨ ਅਤੇ ਵ੍ਹੀਲਚੇਅਰ ਬਾਸਕਟਬਾਲ, ਪੈਰਾ ਅਥਲੈਟਿਕਸ ਸ਼ਾਮਲ ਹਨ।







