ਲੁਧਿਆਣਾ ਤੋਂ ਬਾਅਦ ਹੁਣ ਕੱਲ੍ਹ ਨੂੰ ਜਲੰਧਰ ਬੰਦ ਦਾ ਐਲਾਨ

Top Trending News ਪੰਜਾਬ

  • ਲੁਧਿਆਣਾ ਤੋਂ ਬਾਅਦ ਹੁਣ ਕੱਲ੍ਹ ਨੂੰ ਜਲੰਧਰ ਬੰਦ ਦਾ ਐਲਾਨ
  • ਲੁਧਿਆਣਾ ਵਿੱਚ ਡਾ. ਅੰਬੇਡਕਰ ਦੀ ਮੂਰਤੀ ਤੋੜਨ ਦੇ ਵਿਰੋਧ ‘ਚ ਰੋਸ
  • ਅੱਜ ਲੁਧਿਆਣਾ ‘ਚ ਸਾਢੇ 5 ਘੰਟਿਆਂ ਬਾਅਦ ਖੁੱਲ੍ਹਿਆ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ

ਜਲੰਧਰ, 9 ਸਤੰਬਰ (ਦੇਸ਼ ਕਲਿੱਕ ਬਿਊਰੋ): ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨਾਲ ਕਥਿਤ ਤੌਰ ‘ਤੇ ਕੀਤੀ ਬੇਅਦਬੀ ਦੇ ਵਿਰੋਧ ਵਿੱਚ ਦਲਿਤ ਸਮਾਜ ਵੱਲੋਂ ਬੁੱਧਵਾਰ (9 ਸਤੰਬਰ) ਨੂੰ ਕਰੀਬ ਸਾਢੇ 5 ਘੰਟਿਆਂ ਤੱਕ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਰੱਖਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਸਵੇਰੇ 10 ਵਜੇ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਨੇੜੇ ਹਾਈਵੇ ਬੰਦ ਕਰ ਦਿੱਤਾ ਸੀ। ਹਾਈਵੇ ਜਾਮ ਹੋਣ ਕਾਰਨ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਅੰਬਾਲਾ, ਕਰਨਾਲ ਅਤੇ ਪਾਣੀਪਤ ਵੱਲ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਕੂਲਾਂ ਦੀ ਛੁੱਟੀ ਦੇ ਸਮੇਂ ਕਈ ਸਕੂਲ ਬੱਸਾਂ ਵੀ ਜਾਮ ਵਿੱਚ ਫਸੀਆਂ ਨਜ਼ਰ ਆਈਆਂ।

ਜਲੰਧਰ ਵਿੱਚ ਕੱਲ੍ਹ ਬੰਦ ਦਾ ਐਲਾਨ
ਉਧਰ ਹੁਣ ਜਲੰਧਰ ਵਿੱਚ ਵਾਲਮੀਕੀ ਸਮਾਜ ਵੱਲੋਂ ਕੱਲ੍ਹ ਨੂੰ ਬੰਦ ਦਾ ਐਲਾਨ ਕੀਤਾ ਗਿਆ ਹੈ। ਭਗਵਾਨ ਵਾਲਮੀਕੀ ਸ਼ਕਤੀ ਕ੍ਰਾਂਤੀ ਸੈਨਾ ਪੰਜਾਬ ਦੇ ਪ੍ਰਧਾਨ ਰਾਜੀਵ ਗੋਰਾ ਅਤੇ ਭੀਮ ਕ੍ਰਾਂਤੀ ਸੈਨਾ ਦੇ ਪ੍ਰਧਾਨ ਗੌਰਵ ਵਾਲਮੀਕੀ ਨੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਲੰਧਰ ਸ਼ਹਿਰ ਪੂਰੀ ਤਰ੍ਹਾਂ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਹਾਲਾਂਕਿ ਸਕੂਲ, ਕਾਲਜ ਅਤੇ ਮੈਡੀਕਲ ਸਟੋਰਾਂ ਸਮੇਤ ਐਮਰਜੈਂਸੀ ਸੇਵਾਵਾਂ ਨੂੰ ਬੰਦ ਤੋਂ ਬਾਹਰ ਰੱਖਿਆ ਗਿਆ ਹੈ।

ਲੋਕ ਅੱਧ ਵਿਚਕਾਰੋਂ ਹੀ ਘਰ ਵਾਪਸ ਮੁੜੇ
ਅੱਜ ਲੁਧਿਆਣਾ ‘ਚ ਲੰਬੇ ਜਾਮ ਕਾਰਨ ਕਈ ਲੋਕਾਂ ਨੇ ਅੱਧੇ ਰਸਤੇ ਤੋਂ ਹੀ ਡਿਵਾਈਡਰ ਪਾਰ ਕਰਕੇ ਦੂਜੀ ਲੇਨ ਰਾਹੀਂ ਆਪਣੇ ਘਰਾਂ ਵੱਲ ਵਾਪਸੀ ਕੀਤੀ। ਇਸ ਤੋਂ ਇਲਾਵਾ ਦਲਿਤ ਸਮਾਜ ਵੱਲੋਂ ਲੁਧਿਆਣਾ ਬੰਦ ਦਾ ਵੀ ਐਲਾਨ ਕੀਤਾ ਗਿਆ ਸੀ। ਹਾਲਾਂਕਿ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਖੁੱਲ੍ਹੇ ਰਹੇ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਦੁਕਾਨਾਂ ਬੰਦ ਕਰਵਾਉਣ ਲਈ ਵੀ ਪਹੁੰਚੇ।

ਪੁਲਿਸ ਨੇ ਰਸਤੇ ਬੰਦ ਕੀਤੇ
ਜਲੰਧਰ ਬਾਈਪਾਸ ਚੌਕ ‘ਤੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੁਲਿਸ ਨੇ ਬੈਰੀਕੇਡ ਲਗਾ ਕੇ ਆਉਣ-ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ। ਇਸ ਦੌਰਾਨ ਏਡੀਸੀਪੀ ਸਮੀਰ ਵਰਮਾ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਜਲਦ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ। ਪੁਲਿਸ ਦੇ ਭਰੋਸੇ ਤੋਂ ਬਾਅਦ ਸ਼ਾਮ ਕਰੀਬ ਸਾਢੇ 3 ਵਜੇ ਪ੍ਰਦਰਸ਼ਨਕਾਰੀਆਂ ਨੇ ਹਾਈਵੇ ਖੋਲ੍ਹ ਦਿੱਤਾ। ਇਸ ਨਾਲ ਕਰੀਬ ਸਾਢੇ 5 ਘੰਟਿਆਂ ਬਾਅਦ ਆਵਾਜਾਈ ਮੁੜ ਬਹਾਲ ਹੋ ਸਕੀ।