ਆਪ ਨੇ ਹੀ ਪੰਥ ਨੂੰ ਦੋਫਾੜ ਕਰਨ ਵਾਸਤੇ ’ਵਾਰਿਸ’ ਦੀ ਸਥਾਪਨਾ ਕੀਤੀ, ਦੋਵੇਂ ਪਾਰਟੀਆਂ ਰਲ ਕੇ ਬੇਅਦਬੀ ਮਾਮਲੇ ’ਤੇ ਅਕਾਲੀ ਦਲ ਦੇ ਖਿਲਾਫ ਕੂੜ ਪ੍ਰਚਾਰ ਕਰ ਰਹੀਆਂ: ਸੁਖਬੀਰ ਬਾਦਲ

Top Trending News ਪੰਜਾਬ

  • ਆਪ ਨੇ ਹੀ ਪੰਥ ਨੂੰ ਦੋਫਾੜ ਕਰਨ ਵਾਸਤੇ ’ਵਾਰਿਸ’ ਦੀ ਸਥਾਪਨਾ ਕੀਤੀ, ਦੋਵੇਂ ਪਾਰਟੀਆਂ ਰਲ ਕੇ ਬੇਅਦਬੀ ਮਾਮਲੇ ’ਤੇ ਅਕਾਲੀ ਦਲ ਦੇ ਖਿਲਾਫ ਕੂੜ ਪ੍ਰਚਾਰ ਕਰ ਰਹੀਆਂ: ਸੁਖਬੀਰ ਬਾਦਲ
  • ਧਰਮਕੋਟ ’ਚ ਹੋਈ ਪੰਜਾਬ ਬਚਾਓ ਰੈਲੀ ’ਚ 15000 ਤੋਂ ਜ਼ਿਆਦਾਂ ਲੋਕਾਂ ਨੇ ਕੀਤੀ ਸ਼ਮੂਲੀਅਤ, ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ’ਕਾਮੇਡੀਅਨ’ ਨੂੰ ਲੱਤ ਮਾਰ ਭਜਾ ਕੇ ਆਪਣੀ ਖੇਤਰੀ ਪਾਰਟੀ ਲਿਆਉਣ ਲਈ ਤਿਆਰ
  • ਵਾਰਿਸ ਪੰਜਾਬ ਦੇ ਖਾਲਿਸਤਾਨ ਬਾਰੇ ਵੱਡੀਆਂ ਗੱਲਾਂ ਕਰਦੀ ਹੈ ਪਰ ਉਸਦੇ ਆਗੂ ਪੁਲਿਸ ਦੀਆਂ ਦੋ ਜਿਪਸੀਆਂ ਤੋਂ ਡਰ ਜਾਂਦੇ ਨੇ: ਸੁਖਬੀਰ ਬਾਦਲ
  • ਮੁੱਖ ਮੰਤਰੀ ਮਾਨ ਨੇ ਘਰ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਬਣਾਇਆ, ਉਹਨਾਂ ਦਾ ਪਰਿਵਾਰ ਜ਼ਬਰ ਜਨਾਹ ਵਰਗੇ ਘਿਨੌਣੇ ਅਪਰਾਧ ਵਿਚ ਕਲੀਨ ਚਿੱਟ ਦੁਆਉਣ ਵਾਸਤੇ ਰਿਸ਼ਵਤਾਂ ਲੈ ਰਿਹੈ

ਮੋਗਾ, 9 ਸਤੰਬਰ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਥ ਵਿਚ ਵੰਡੀਆਂ ਪਾ ਕੇ ਸਿਆਸੀ ਲਾਹਾ ਲੈਣ ਵਾਸਤੇ ਆਮ ਆਦਮੀ ਪਾਰਟੀ (ਆਪ) ਨੇ ਵਾਰਿਸ ਪੰਜਾਬ ਦੇ ਜਥੇਬੰਦੀ ਖੜ੍ਹੀ ਕੀਤੀ ਤੇ ਉਹਨਾਂ ਨੇ ਪੰਜਾਬੀਆਂ ਨੂੰ ਇਕਜੁੱਟ ਹੋਣ ਤੇ ਪੰਜਾਬ ਨੂੰ ਲੁੱਟ ਦੇ ਲੁਟੇਰਿਆਂ ਤੋਂ ਬਚਾਉਣ ਦੀ ਅਪੀਲ ਕੀਤੀ।

ਪਾਰਟੀ ਦੀ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਧਰਮਕੋਟ ਹਲਕੇ ਵਿਚ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਵੀ ਉਸੇ ਤਰੀਕੇ ਬਣਾਈ ਗਈ ਹੈ ਜਿਵੇਂ ਆਪ ਬਣਾਈ ਗਈ ਸੀ ਤਾਂ ਜੋ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਜਾ ਸਕੇ। ਇਸਦੇ ਮੁਖੀ ਅੰਮ੍ਰਿਤਪਾਲ ਨੂੰ ਕਰੜੇ ਹੱਥੀਂ ਲੈਂਦਿਆਂ ਉਹਨਾਂ ਕਿਹਾ ਕਿ ਉਹ ਵੀ ਆਪ ਵਾਂਗੂ ਡਰਾਮੇ ਕਰ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਦਾਅਵਾ ਕੀਤਾ ਕਿ ਉਹ ਨਸ਼ੇ ਖ਼ਤਮ ਕਰਨ ਵਾਸਤੇ ਸਮਾਜਿਕ ਮੁਹਿੰਮ ਚਲਾ ਰਹੇ ਹਨ ਪਰ ਜਦੋਂ ਉਹਨਾਂ ਦਾ ਆਪਣਾ ਭਰਾ ਹੀ ਨਸ਼ੇੜੀ ਪਾਇਆ ਗਿਆ ਤਾਂ ਉਹ ਬੇਨਕਾਬ ਹੋ ਗਏ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਨੇ ਖਾਲਿਸਤਾਨ ਦੇ ਨਾਅਰੇ ਨਾਲ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੁਲਿਸ ਦੇ ਕੁਝ ਬੰਦੇ ਉਸਨੂੰ ਫੜਨ ਆਏ ਤਾਂ ਉਹ ਭੱਜ ਗਿਆ। ਉਹਨਾਂ ਕਿਹਾ ਕਿ ਇਹ ਪੰਥਕ ਆਗੂ ਦਾ ਸਰੂਪ ਨਹੀਂ ਹੋ ਸਕਦਾ। ਉਹਨਾਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਹਮੇਸ਼ਾ ਲੋਕ ਹਿੱਤਾਂ ਵਾਸਤੇ ਗ੍ਰਿਫਤਾਰੀ ਦਿੱਤੀ ਤੇ 16 ਸਾਲਾਂ ਤੱਕ ਜੇਲ੍ਹ ਵਿਚ ਵੀ ਰਹੇ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਤੱਤਾਂ ਸੁਚੇਤ ਰਹਿਣ ਅਤੇ ਦੱਸਿਆ ਕਿ ਕਿਵੇਂ ਦਾਖਾ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਵਿਚ ਭੇਜਿਆ ਹੈ। ਉਹਨਾਂ ਕਿਹਾ ਕਿ ਇਯਾਲੀ ਨਵੀਂ ਪਾਰਟੀ ਵਿਚ ਸ਼ਾਮਲ ਹੋ ਗਏ ਹਾਲਾਂ ਕਿ ਉਹਨਾਂ ਦੀ ਪੰਥ ਨੂੰ ਕੋਈ ਦੇਣ ਨਹੀਂ ਕਿਉਂਕਿ ਉਹਨਾਂ ਦੇ ਪਰਿਵਾਰ ਵਿਚ ਕੋਈ ਗੁਰਸਿੱਖ ਨਹੀਂ ਹੈ।

ਮੁੱਖ ਮੰਤਰੀ ’ਤੇ ਤਿੱਖਾ ਹਮਲਾ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਤੇ ਉਹਨਾਂ ਦੇ ਪਰਿਵਾਰ ਨੇ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਰੱਖਿਆ ਹੈ। ਉਹਨਾਂ ਕਿਹਾ ਕਿ ਉਹ ਜ਼ਬਰ ਜਨਾਹ ਵਰਗੇ ਘਿਨੌਣੇ ਅਪਰਾਧ ਵਿਚ ਕਲੀਨ ਚਿੱਟ ਦੇਣ ਵਾਸਤੇ ਪੈਸੇ ਲੈ ਰਹੇ ਹਨ। ਉਹਨਾਂ ਦੱਸਿਆ ਕਿ ਕਿਵੇਂ ਮੀਡੀਆ ਇਨਫਲੂਐਂਸਰ ਗੁਰੀ ਚਹਿਲ ਜੋ ਮੁੱਖ ਮੰਤਰੀ ਦਾ ਨਜ਼ਦੀਕੀ ਸੀ, ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ 5 ਕਰੋੜ ਰੁਪਏ ਰਿਸ਼ਵਤ ਲੈ ਕੇ ਜ਼ਬਰ ਜਨਾਹ ਦੇ ਦੋ ਕੇਸਾਂ ਵਿਚੋਂ ਰਿਹਾਅ ਕਰਵਾ ਦਿੱਤਾ। ਉਹਨਾਂ ਕਿਹਾ ਕਿ ਜਿਹੜੇ ਅੰਮ੍ਰਿਤਸਰ ਜਾਂ ਮੁਹਾਲੀ ਜ਼ਿਲ੍ਹਿਆਂ ਵਿਚ ਜਾ ਰਹੇ ਸਨ, ਮੁੱਖ ਮੰਤਰੀ ਨੇ ਉਹਨਾਂ ਨੂੰ ਸੱਦ ਕੇ ਦੋਵਾਂ ਜ਼ਬਰ ਜਨਾਹ ਕੇਸਾਂ ਨੂੰ ਬੰਦ ਕਰਨ ਦੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਇਸੇ ਕਾਰਨ ਉਹ ਗ੍ਰਿਫਤਾਰੀ ਦੇ ਦੋ ਮਹੀਨਿਆਂ ਦੇ ਅੰਦਰ-ਅੰਦਰ ਰਿਹਾਅ ਹੋ ਗਏ। ਉਹਨਾਂ ਕਿਹਾ ਕਿ ਇਸ ਮਗਰੋਂ ਉਹ ਅਮਰੀਕਾ ਭੱਜ ਗਏ। ਉਹਨਾਂ ਕਿਹਾ ਕਿ ਮਾਵਾਂ ਧੀਆਂ ਦਾ ਇਹ ਸਤਿਕਾਰ ਇਹ ਸਰਕਾਰ ਕਰਦੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਵਰਗਾ ਕਾਮੇਡੀਅਨ ਸਿਰਫ ਚੁਟਕਲੇ ਹੀ ਸੁਣਾ ਸਕਦਾ ਹੈ ਅਤੇ ਉਹ ਇਹੋ ਕਰ ਰਿਹਾ ਹੈ ਜਦੋਂ ਕਿ ਪੰਜਾਬੀ ਰੋ ਰਹੇ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਗੁਲਜ਼ਾਰ ਸਿੰਘ ਦੇ ਮਰਨ ਵੇਲੇ ਦਿੱਤੇ ਬਿਆਨ ਦੇ ਆਧਾਰ ’ਤੇ ਪੁਲਿਸ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਖਿਲਾਫ ਕੇਸ ਦਰਜ ਕਰਨਾ ਹੀ ਪਵੇਗਾ ਨਹੀਂ ਤਾਂ ਉਹਨਾਂ ਨੂੰ ਫੜ ਕੇ ਲਿਆਂਦਾ ਜਾਵੇਗਾ।

ਸਰਦਾਰ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸਾਂ ਦੇ ਮਾਮਲੇ ’ਤੇ ਵੀ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ 600 ਤੋਂ ਜ਼ਿਆਦਾ ਬੇਅਦਬੀ ਦੇ ਮਾਮਲੇ ਵਾਪਰ ਚੁੱਕੇ ਹਨ ਜਿਸ ਵਿਚੋਂ ਜ਼ਿਆਦਾਤਰ ਆਪ ਸਰਕਾਰ ਵਿਚ ਵਾਪਰੇ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਆਪ ਤੇ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਵਰਗੀਆਂ ਪੰਥ ਵਿਰੋਧੀਆਂ ਇਕ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੀ ਬਦਨਾਮੀ ਕਰਦੀਆਂ ਆ ਰਹੀਆਂ ਹਨ।

ਬੇਅਦਬੀ ਕੇਸਾਂ ਵਿਚ ਆਪ ਸਰਕਾਰ ਵੱਲੋਂ ਕਾਰਵਾਈ ਨਾ ਕਰਨ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਅਜਿਹੇ ਮੁੱਖ ਮੰਤਰੀ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਜੋ ਖੁਦ ਗੁਰੂ ਸਾਹਿਬਾਨ ਦੀਆਂ ਤਸਵੀਰਾਂ ’ਤੇ ਸ਼ਰਾਬ ਛਿੜਕੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ’ਤੇ ਪਿਸ਼ਾਬ ਕਰ ਕੇ ਉਹਨਾਂ ਦੀ ਬੇਅਦਬੀ ਕਰਦਾ ਰਿਹਾ ਹੋਵੇ। ਉਹਨਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਹੁਣ ਤੱਕ ਇਕ ਵੀ ਬੇਅਦਬੀ ਮਾਮਲੇ ਵਿਚ ਕਿਸੇ ਅਕਾਲੀ ਵਰਕਰ ਦਾ ਨਾਮ ਨਹੀਂ ਆਇਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਆਪ ਤੇ ਪਿਛਲੀ ਕਾਂਗਰਸ ਸਰਕਾਰ ਨੇ ਇਸ ਸੰਵੇਦਨਸ਼ੀਲ ਮਾਮਲੇ ’ਤੇ ਰਾਜਨੀਤੀ ਕੀਤੀ।

ਇਕ ਅਹਿਮ ਐਲਾਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਹਰੀਕੇ ਹੈਡਵਰਕਸ ਤੋਂ ਰਾਜਸਥਾਨ ਨੂੰ ਪਾਣੀ ਨਹੀਂ ਜਾਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਇਸ ਪਾਣੀ ਦੀ ਵਰਤੋਂ ਪੰਜਾਬ ਵਿਚ ਸਿੰਜਾਈ ਸਹੂਲਤਾਂ ਵਧਾਉਣ ਅਤੇ ਲਿਫਟ ਇਰੀਗੇਸ਼ਨ, ਜ਼ਮੀਨਦੋਜ਼ ਪਾਈਪਾਂ ਪਾਉਣ ਤੇ ਨਵੇਂ ਜਲ ਚੈਨਲ ਸਿਰਜਣ ਵਾਸਤੇ ਕਰਾਂਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸੂਬੇ ਦੇ ਸਾਰੇ ਦਰਿਆਵਾਂ ਨੂੰ ਚੇਨਲਾਈਜ਼ ਕੀਤਾ ਜਾਵੇਗਾ ਤਾਂ ਜੋ ਹੜ੍ਹਾਂ ਦੇ ਮਸਲੇ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਦਰਿਆਵਾਂ ਵਿਚ ਪ੍ਰਦੂਸ਼ਤ ਰਹਿੰਦ ਖੂਹੰਦ ਨਾ ਜਾਵੇ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਸਾਡੀ ਸਰਕਾਰ ਵਿਚ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਹੀ ਦਿੱਤੀਆਂ ਜਾਣਗੀਆਂ ਅਤੇ ਸਾਰੀਆਂ ਫੈਕਟਰੀਆਂ ਲਈ 75 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦੇਣੀਆਂ ਲਾਜ਼ਮੀ ਹੋਣਗੀਆਂ। ਉਹਨਾਂ ਇਹ ਵੀ ਐਲਾਨ ਕੀਤਾ ਕਿ ਆਟਾ ਦਾਲ ਸਕੀਮ ਤਹਿਤ 50 ਕਿਲੋ ਕਣਕ ਦਿੱਤੀ ਜਾਵੇਗੀ ਤੇ 4 ਰੁਪਏ ਕਿਲੋ ਦਿੱਤੀ ਜਾਵੇਗੀ ਅਤੇ ਦਾਲਾਂ 20 ਰੁਪਏ ਕਿਲੋ ਦੀ ਦਰ ’ਤੇ ਦਿੱਤੀਆਂ ਜਾਣਗੀਆਂ।

ਉਹਨਾਂ ਕਿਹਾ ਕਿ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਬੇਘਰਿਆਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ ਤੇ ਜਿਹੜੇ ਕਿਸਾਨਾਂ ਕੋਲ ਟਿਊਬਵੈਨ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ।

ਇਸ ਮੌਕੇ ਬਰਜਿੰਦਰ ਸਿੰਘ ਬਰਾੜ, ਸਿਕੰਦਰ ਸਿੰਘ ਮਲੂਕਾ ਤੇ ਤੀਰਥ ਸਿੰਘ ਮਾਹਲਾ ਵੀ ਹਾਜ਼ਰ ਸਨ।