- ਪੰਜਾਬ ਚੋਣਾਂ ਤੋਂ ਪਹਿਲਾਂ BJP ਦੀ ਵੱਡੀ ਤਿਆਰੀ: 18 ਤੋਂ 30 ਸਤੰਬਰ ਤੱਕ ਕੱਢੀ ਜਾਵੇਗੀ ਮਹਾਯਾਤਰਾ
- PM Modi ਅਤੇ ਅਮਿਤ ਸ਼ਾਹ ਵੀ ਹੋਣਗੇ ਸ਼ਾਮਿਲ
- ਨਸ਼ਾ ਅਤੇ ਕਾਨੂੰਨ-ਵਿਵਸਥਾ ਬਣੇਗਾ ਮੁੱਖ ਮੁੱਦਾ
ਚੰਡੀਗੜ੍ਹ, 9 ਸਤੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸੂਬੇ ਵਿੱਚ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਅਤੇ ਸੱਤਾਧਾਰੀ ਸਰਕਾਰ ਨੂੰ ਘੇਰਨ ਲਈ ਵੱਡੇ ਅਭਿਆਨ ਦੀ ਤਿਆਰੀ ਕੀਤੀ ਹੈ। ਸੂਬੇ ਵਿੱਚ ਵਧ ਰਹੇ ਨਸ਼ੇ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ-ਵਿਵਸਥਾ ਨੂੰ ਮੁੱਖ ਚੋਣ ਮੁੱਦਾ ਬਣਾਉਂਦਿਆਂ BJP ਵੱਲੋਂ 18 ਤੋਂ 30 ਸਤੰਬਰ ਤੱਕ 12 ਦਿਨਾਂ ਦੀ ਸੂਬਾ ਪੱਧਰੀ ਮਹਾਯਾਤਰਾ ਕੱਢੀ ਜਾਵੇਗੀ।
ਇਸ ਮਹਾਯਾਤਰਾ ਦੀ ਸ਼ੁਰੂਆਤ 18 ਸਤੰਬਰ ਨੂੰ ਪਠਾਨਕੋਟ ਤੋਂ BJP ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਕਰਨਗੇ। ਯਾਤਰਾ ਦਾ ਸਮਾਪਨ 29 ਜਾਂ 30 ਸਤੰਬਰ ਨੂੰ ਜਲੰਧਰ ਵਿੱਚ ਹੋਵੇਗਾ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਇਸ ਯਾਤਰਾ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
BJP ਨੇ ਮਹਾਯਾਤਰਾ ਲਈ ਪੰਜਾਬ ਦੇ ਚਾਰ ਵੱਖ-ਵੱਖ ਇਤਿਹਾਸਕ ਅਤੇ ਧਾਰਮਿਕ ਕੇਂਦਰ ਚੁਣੇ ਹਨ।
ਪਠਾਨਕੋਟ: ਜੰਮੂ-ਕਸ਼ਮੀਰ ਸਰਹੱਦ ਨੇੜੇ ਮਾਧੋਪੁਰ ਸਥਿਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਮਾਰਕ ਤੋਂ ਯਾਤਰਾ ਦੀ ਮੁੱਖ ਕੜੀ ਸ਼ੁਰੂ ਹੋਵੇਗੀ।
ਸ਼੍ਰੀ ਆਨੰਦਪੁਰ ਸਾਹਿਬ: ਸਿੱਖ ਪੰਥ ਦੇ ਪ੍ਰਮੁੱਖ ਕੇਂਦਰ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਯਾਤਰਾ ਦਾ ਦੂਜਾ ਜੱਥਾ ਰਵਾਨਾ ਹੋਵੇਗਾ।
ਤਲਵੰਡੀ ਸਾਬੋ: ਮਾਲਵਾ ਖੇਤਰ ਦੇ ਪਵਿੱਤਰ ਤਖ਼ਤ ਤੋਂ ਯਾਤਰਾ ਦੀ ਤੀਜੀ ਧਾਰਾ ਸ਼ੁਰੂ ਕੀਤੀ ਜਾਵੇਗੀ।
ਫਾਜ਼ਿਲਕਾ: 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਆਸਫਵਾਲਾ ਜੰਗੀ ਸਮਾਰਕ ਤੋਂ ਚੌਥੀ ਯਾਤਰਾ ਸ਼ੁਰੂ ਹੋਵੇਗੀ।
117 ਵਿਧਾਨ ਸਭਾ ਹਲਕਿਆਂ ਵਿੱਚ ਪਹੁੰਚੇਗੀ ਯਾਤਰਾ
ਸੂਤਰਾਂ ਮੁਤਾਬਕ BJP ਦੀ ਇਹ 12 ਦਿਨਾਂ ਦੀ ਯਾਤਰਾ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਪਹੁੰਚੇਗੀ। ਯਾਤਰਾ ਦੌਰਾਨ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਵੱਖ-ਵੱਖ ਥਾਵਾਂ ‘ਤੇ ਵੱਡੀਆਂ ਬਾਈਕ ਰੈਲੀਆਂ ਵੀ ਕੱਢੀਆਂ ਜਾਣਗੀਆਂ। ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਸਿੱਧਾ ਸੰਪਰਕ ਕਰਨ ਲਈ ਕੇਂਦਰ ਸਰਕਾਰ ਦੇ ਇੱਕ ਦਰਜਨ ਤੋਂ ਵੱਧ ਕੇਂਦਰੀ ਮੰਤਰੀਆਂ, ਕੌਮੀ ਅਹੁਦੇਦਾਰਾਂ ਅਤੇ BJP ਦੇ ਸੀਨੀਅਰ ਸੂਬਾਈ ਆਗੂਆਂ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ।
ਜਲੰਧਰ ਵਿੱਚ ਅਮਿਤ ਸ਼ਾਹ ਦੀ ਮੇਗਾ ਰੈਲੀ ਨਾਲ ਹੋਵੇਗਾ ਸਮਾਪਨ
ਸੂਬਾ ਪੱਧਰੀ ਮਹਾਯਾਤਰਾ ਦਾ ਸਮਾਪਨ ਦੋਆਬਾ ਖੇਤਰ ਦੇ ਪ੍ਰਮੁੱਖ ਸ਼ਹਿਰ ਜਲੰਧਰ ਵਿੱਚ ਹੋਵੇਗਾ। 29 ਜਾਂ 30 ਸਤੰਬਰ ਨੂੰ ਹੋਣ ਵਾਲੀ ਇਸ ਰੈਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹੋਣਗੇ ਅਤੇ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਪਾਰਟੀ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਤੂਬਰ ਵਿੱਚ ਪੰਜਾਬ ਦਾ ਤਿੰਨ ਦਿਨਾਂ ਦਾ ਸੰਭਾਵਿਤ ਦੌਰਾ ਵੀ ਪ੍ਰਸਤਾਵਿਤ ਹੈ। ਇਸ ਦੌਰਾਨ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਆਸ-ਪਾਸ ਜਨ ਸਭਾਵਾਂ ਅਤੇ ਰੋਡ ਸ਼ੋਅ ਕੀਤੇ ਜਾਣ ਦੀ ਸੰਭਾਵਨਾ ਹੈ।
117 ਸੀਟਾਂ ‘ਤੇ ਇਕੱਲੇ ਚੋਣ ਲੜਨ ਦਾ ਸੰਕੇਤ
BJP ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਸਾਰੀਆਂ 117 ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜੇਗੀ। ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਕਿਸੇ ਵੀ ਤਰ੍ਹਾਂ ਦੇ ਗਠਜੋੜ ਦੀ ਸੰਭਾਵਨਾ ਤੋਂ ਵੀ ਇਨਕਾਰ ਕੀਤਾ ਗਿਆ ਹੈ।







