ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਅੰਤਿਮ ਵਿਦਾਈ ਦਾ ਹੱਕ ਵੀ ਨਹੀਂ ਮਿਲਿਆ: ਸੁਖਬੀਰ ਬਾਦਲ

Top Trending News ਪੰਜਾਬ

  • ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਅੰਤਿਮ ਵਿਦਾਈ ਦਾ ਹੱਕ ਵੀ ਨਹੀਂ ਮਿਲਿਆ: ਸੁਖਬੀਰ ਬਾਦਲ
  • ਲਖਵਿੰਦਰ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਅਕਾਲੀ ਆਗੂ—ਪਰਿਵਾਰ ਨੇ ਦੱਸਿਆ ਆਪਣਾ ਦੁੱਖ
  • ਕਿਹਾ, ਪੁਲਿਸ ਨੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਕਰ ਦਿੱਤਾ ਸਸਕਾਰ

ਚੰਡੀਗੜ੍ਹ, 11 ਸਤੰਬਰ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮਰਹੂਮ ਗੁਲਜ਼ਾਰ ਸਿੰਘ ਦੇ ਸਪੁੱਤਰ ਲਖਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਲਖਵਿੰਦਰ ਵੱਲੋਂ ਪਰਿਵਾਰ ਨਾਲ ਵਾਪਰੀ ਤ੍ਰਾਸਦੀ ਬਾਰੇ ਦੱਸਣ ਤੋਂ ਬਾਅਦ ਉਨ੍ਹਾਂ ਦਾ ਮਨ ਬੇਹੱਦ ਪੀੜਾ ਅਤੇ ਰੋਹ ਨਾਲ ਭਰ ਗਿਆ। ਸੁਖਬੀਰ ਬਾਦਲ ਮੁਤਾਬਕ, ਲਖਵਿੰਦਰ ਨੇ ਦੱਸਿਆ ਕਿ ਪਰਿਵਾਰ ਨੂੰ ਗੁਲਜ਼ਾਰ ਸਿੰਘ ਦੇ ਆਖਰੀ ਸਮੇਂ ਵਿੱਚ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਹੀ ਪੁਲਿਸ ਵੱਲੋਂ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਮ੍ਰਿਤਕ ਨੂੰ ਇਸਨਾਨ ਕਰਵਾਉਣ ਅਤੇ ਅਰਦਾਸ ਕਰਨ ਦੇ ਧਾਰਮਿਕ ਹੱਕ ਤੋਂ ਵੀ ਵਾਂਝਾ ਰੱਖਿਆ ਗਿਆ। ਗੁਲਜ਼ਾਰ ਸਿੰਘ ਦੀ ਮਾਤਾ, ਪਤਨੀ ਅਤੇ ਬੱਚਿਆਂ ਨੂੰ ਵੀ ਅੰਤਿਮ ਵਿਦਾਈ ਦੇਣ ਦੀ ਇਜਾਜ਼ਤ ਨਾ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਸੁਖਬੀਰ ਬਾਦਲ ਨੇ ਸਵਾਲ ਉਠਾਇਆ ਕਿ ਸੋਗ ਵਿੱਚ ਡੁੱਬੇ ਪਰਿਵਾਰ ਨਾਲ ਪ੍ਰਸ਼ਾਸਨ ਵੱਲੋਂ ਅਜਿਹਾ ਵਿਵਹਾਰ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਮਾਮਲੇ ਲਈ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ‘ਆਪ’ ਦੇ ਸਰਪੰਚਾਂ ਅਤੇ ਵਰਕਰਾਂ ਤੇ ਪੰਜਾਬ ਪੁਲਿਸ ਤੋਂ ਜਵਾਬ ਮੰਗਿਆ।

ਅਕਾਲੀ ਦਲ ਵੱਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ
ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਿਰਫ਼ ਇੱਕ ਪਰਿਵਾਰ ਦਾ ਦੁੱਖ ਨਹੀਂ, ਸਗੋਂ ਉਨ੍ਹਾਂ ਦੀ ਇੱਜ਼ਤ, ਹੱਕਾਂ ਅਤੇ ਇਨਸਾਫ਼ ਲੈਣ ਦੇ ਅਧਿਕਾਰ ਨਾਲ ਜੁੜਿਆ ਮਾਮਲਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖੇਗਾ। ਨਾਲ ਹੀ ਉਨ੍ਹਾਂ ਨੇ ਪਰਿਵਾਰ ਨੂੰ ਕਾਨੂੰਨੀ, ਵਿੱਤੀ ਅਤੇ ਸਮਾਜਿਕ ਤੌਰ ’ਤੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ, ਤਾਂ ਜੋ ਉਹ ਕਥਿਤ ਤੌਰ ’ਤੇ ਸਹੇ ਸਦਮੇ ਅਤੇ ਬੇਇਜ਼ਤੀ ਤੋਂ ਉਭਰ ਸਕਣ।