- ਮਮਤਾ ਦੀ ਪਾਰਟੀ ਨੂੰ ‘ਫੁੱਟਬਾਲ ਖਿਡਾਰੀ’, ਬਾਗੀ ਗੁੱਟ ਨੂੰ ‘ਲਿਫਾਫਾ ਚੋਣ ਨਿਸ਼ਾਨ ਜਾਰੀ, ਦੋਵਾਂ ਧੜਿਆਂ ਨੂੰ ਨਵੇਂ ਨਾਂ ਵੀ ਜਾਰੀ
ਨਵੀਂ ਦਿੱਲੀ, 18 ਸਤੰਬਰ (ਦੇਸ਼ ਕਲਿੱਕ ਬਿਊਰੋ): ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ (TMC) ਦੇ ਦੋ ਧੜਿਆਂ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਚੋਣ ਕਮਿਸ਼ਨ ਨੇ ਦੋਵੇਂ ਗੁੱਟਾਂ ਨੂੰ ਵੱਖ-ਵੱਖ ਪਾਰਟੀ ਨਾਂ ਅਤੇ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਹਨ। ਇਹ ਫੈਸਲਾ 6 ਅਕਤੂਬਰ ਨੂੰ ਹੋਣ ਵਾਲੀਆਂ ਨੰਦੀਗ੍ਰਾਮ ਅਤੇ ਰੇਜੀਨਗਰ ਵਿਧਾਨ ਸਭਾ ਜ਼ਿਮਨੀ ਚੋਣਾਂ ਤੋਂ ਪਹਿਲਾਂ ਲਿਆ ਗਿਆ ਹੈ।
ਚੋਣ ਕਮਿਸ਼ਨ ਮੁਤਾਬਕ ਮਮਤਾ ਬੈਨਰਜੀ ਦੀ ਅਗਵਾਈ ਵਾਲੇ ਧੜੇ ਨੂੰ ‘ਮਮਤਾ ਆਲ ਇੰਡੀਆ ਤ੍ਰਿਣਮੂਲ ਕਾਂਗਰਸ’ ਨਾਂ ਅਤੇ ‘ਫੁੱਟਬਾਲ ਖਿਡਾਰੀ’ ਚੋਣ ਨਿਸ਼ਾਨ ਦਿੱਤਾ ਗਿਆ ਹੈ। ਉਥੇ ਹੀ ਬਾਗੀ ਧੜੇ ਨੂੰ ‘ਡੈਮੋਕ੍ਰੇਟਿਕ ਤ੍ਰਿਣਮੂਲ ਕਾਂਗਰਸ’ ਨਾਂ ਅਤੇ ‘ਲਿਫਾਫਾ’ ਚੋਣ ਨਿਸ਼ਾਨ ਮਿਲਿਆ ਹੈ।
ਇਸ ਤੋਂ ਇੱਕ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਦੋਵੇਂ ਧੜਿਆਂ ਨੂੰ ‘ਆਲ ਇੰਡੀਆ ਤ੍ਰਿਣਮੂਲ ਕਾਂਗਰਸ’ ਨਾਂ ਅਤੇ ਪੁਰਾਣੇ ‘ਫੁੱਲ-ਘਾਹ’ ਵਾਲੇ ਚੋਣ ਨਿਸ਼ਾਨ ਦੀ ਵਰਤੋਂ ਕਰਨ ਤੋਂ ਅੰਤਰਿਮ ਤੌਰ ’ਤੇ ਰੋਕ ਦਿੱਤਾ ਸੀ। ਮੂਲ ਨਾਂ ਅਤੇ ਨਿਸ਼ਾਨ ਨੂੰ ਲੈ ਕੇ ਅੰਤਿਮ ਫੈਸਲਾ ਹਾਲੇ ਬਾਕੀ ਹੈ।
6 ਅਕਤੂਬਰ ਨੂੰ ਹੋਣੀਆਂ ਹਨ ਜ਼ਿਮਨੀ ਚੋਣਾਂ
ਨੰਦੀਗ੍ਰਾਮ ਅਤੇ ਰੇਜੀਨਗਰ ਵਿਧਾਨ ਸਭਾ ਸੀਟਾਂ ’ਤੇ 6 ਅਕਤੂਬਰ ਨੂੰ ਵੋਟਿੰਗ ਹੋਵੇਗੀ, ਜਦਕਿ ਵੋਟਾਂ ਦੀ ਗਿਣਤੀ 9 ਅਕਤੂਬਰ ਨੂੰ ਹੋਵੇਗੀ। ਮਮਤਾ ਬੈਨਰਜੀ ਵਾਲੇ ਧੜੇ ਨੇ ਨੰਦੀਗ੍ਰਾਮ ਤੋਂ ਸੰਚਿਤਾ ਪ੍ਰਧਾਨ (ਡੇ) ਅਤੇ ਰੇਜੀਨਗਰ ਤੋਂ ਰਬੀਉਲ ਆਲਮ ਚੌਧਰੀ ਨੂੰ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਰਿਤਬਰਤਾ ਬੈਨਰਜੀ ਦੀ ਅਗਵਾਈ ਵਾਲੇ ਬਾਗੀ ਧੜੇ ਨੇ ਨੰਦੀਗ੍ਰਾਮ ਤੋਂ ਮੁਹੰਮਦ ਏਤੇਸ਼ਾਮੁਲ ਹਕ ਅਤੇ ਰੇਜੀਨਗਰ ਤੋਂ ਸਫੀਉੱਦੀਨ ਸ਼ੇਖ ਨੂੰ ਉਮੀਦਵਾਰ ਐਲਾਨਿਆ ਹੈ।
ਚੋਣ ਕਮਿਸ਼ਨ ਦਾ ਤਾਜ਼ਾ ਫੈਸਲਾ ਹੁਣ ਦੋਵੇਂ ਧੜਿਆਂ ਨੂੰ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਵੱਖਰੇ ਨਾਂ ਅਤੇ ਚੋਣ ਨਿਸ਼ਾਨ ਨਾਲ ਮੈਦਾਨ ਵਿੱਚ ਉਤਰਨ ਦੀ ਇਜਾਜ਼ਤ ਦਿੰਦਾ ਹੈ।








