- ਚੰਡੀਗੜ੍ਹ ’ਚ ‘ਭਾਰਤ ਟੈਕਸੀ’ ਦੀ ਸ਼ੁਰੂਆਤ; Ola-Uber ’ਤੇ ਪਹਿਲਾਂ ਹੀ 6 ਮਹੀਨੇ ਦੀ ਪਾਬੰਦੀ
ਚੰਡੀਗੜ੍ਹ 18 ਸਤੰਬਰ (ਦੇਸ਼ ਕਲਿੱਕ ਬਿਊਰੋ): ਸ਼ਹਿਰ ਵਿੱਚ ਸ਼ੁੱਕਰਵਾਰ ਤੋਂ ‘ਭਾਰਤ ਟੈਕਸੀ’ ਸੇਵਾ ਦੀ ਸ਼ੁਰੂਆਤ ਹੋ ਗਈ ਹੈ। ਕੇਂਦਰੀ ਸਹਿਕਾਰਤਾ ਵਿਭਾਗ ਦੀ ਇਸ ਪਹਿਲ ਦਾ ਉਦਘਾਟਨ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਕੀਤਾ ਗਿਆ। ਇਹ ਲਾਂਚਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ Ola, Uber ਅਤੇ inDrive ਦੇ ਲਾਇਸੈਂਸ 6 ਮਹੀਨਿਆਂ ਲਈ ਮੁਅੱਤਲ ਕੀਤੇ ਜਾ ਚੁੱਕੇ ਹਨ।
‘ਭਾਰਤ ਟੈਕਸੀ’ ਮਾਡਲ ਵਿੱਚ ਡਰਾਈਵਰਾਂ ਨੂੰ ਸਿਰਫ਼ ਕਰਮਚਾਰੀ ਵਜੋਂ ਨਹੀਂ, ਸਗੋਂ ਪਲੇਟਫਾਰਮ ਵਿੱਚ ਹਿੱਸੇਦਾਰ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਦਾ ਮਕਸਦ ਡਰਾਈਵਰਾਂ ਨੂੰ ਸੇਵਾ ਦੇ ਆਰਥਿਕ ਮਾਡਲ ਵਿੱਚ ਵੱਧ ਭੂਮਿਕਾ ਦੇਣਾ ਹੈ।
ਇਸ ਸੇਵਾ ਦੀ ਇੱਕ ਅਹਿਮ ਵਿਸ਼ੇਸ਼ਤਾ ਕਿਰਾਏ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਹੈ। ਆਮ ਤੌਰ ’ਤੇ ਕੈਬ ਐਪਸ ’ਤੇ ਪੀਕ ਆਵਰਜ਼ ਦੌਰਾਨ ਮੰਗ ਵਧਣ ਨਾਲ ਕਿਰਾਇਆ ਵੀ ਵਧ ਸਕਦਾ ਹੈ, ਪਰ ‘ਭਾਰਤ ਟੈਕਸੀ’ ਵਿੱਚ ਅਜਿਹੇ ਕਿਰਾਇਆ ਵਾਧੇ ਨੂੰ ਰੋਕਣ ਦੀ ਵਿਵਸਥਾ ਰੱਖੀ ਗਈ ਹੈ।
ਸਰਕਾਰੀ ਪਹਿਲ ਨਾਲ ਜੁੜੀ ਇਸ ਸੇਵਾ ਦਾ ਉਦੇਸ਼ ਯਾਤਰੀਆਂ ਨੂੰ ਵਾਜਬ ਕਿਰਾਏ ’ਤੇ ਭਰੋਸੇਯੋਗ ਕੈਬ ਸੇਵਾ ਮੁਹੱਈਆ ਕਰਵਾਉਣਾ ਅਤੇ ਡਰਾਈਵਰਾਂ ਨੂੰ ਪਲੇਟਫਾਰਮ ਵਿੱਚ ਹਿੱਸੇਦਾਰੀ ਦੇਣਾ ਹੈ।








