ਸਾਬਕਾ ਮੰਤਰੀ ਭੁੱਲਰ ਦੇ ਪਿਤਾ ਤੇ PA ਨੂੰ ਹਾਈਕੋਰਟ ਤੋਂ ਝਟਕਾ; DM ਰੰਧਾਵਾ ਖੁਦਕੁਸ਼ੀ ਮਾਮਲੇ ’ਚ ਅਗਾਊਂ ਜ਼ਮਾਨਤ ਰੱਦ

Top Trending News ਪੰਜਾਬ

  • ਸਾਬਕਾ ਮੰਤਰੀ ਭੁੱਲਰ ਦੇ ਪਿਤਾ ਤੇ PA ਨੂੰ ਹਾਈਕੋਰਟ ਤੋਂ ਝਟਕਾ; DM ਰੰਧਾਵਾ ਖੁਦਕੁਸ਼ੀ ਮਾਮਲੇ ’ਚ ਅਗਾਊਂ ਜ਼ਮਾਨਤ ਰੱਦ

ਤਰਨਤਾਰਨ, 18 ਸਤੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ (DM) ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਉਨ੍ਹਾਂ ਦੇ PA ਦਿਲਬਾਗ ਸਿੰਘ ਦੀ ਅਗਾਊਂ ਜ਼ਮਾਨਤ ਦੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਹਨ। ਦੋਵਾਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈਕੋਰਟ ਦਾ ਰੁਖ ਕੀਤਾ ਸੀ।

ਮਾਮਲਾ 21 ਮਾਰਚ 2026 ਦਾ ਹੈ। DM ਗਗਨਦੀਪ ਸਿੰਘ ਰੰਧਾਵਾ ਨੇ ਵੀਡੀਓ ਬਣਾਉਣ ਤੋਂ ਬਾਅਦ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਪੁਲਿਸ ਮੁਤਾਬਕ, ਮੌਤ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਉਨ੍ਹਾਂ ਨੇ ਤਤਕਾਲੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ PA ਦਿਲਬਾਗ ਸਿੰਘ ’ਤੇ ਕੁੱਟਮਾਰ ਅਤੇ ਦਬਾਅ ਬਣਾਉਣ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਪਹਿਲਾਂ ਹੇਠਲੀਆਂ ਅਦਾਲਤਾਂ ਤੋਂ ਵੀ ਨਹੀਂ ਮਿਲੀ ਸੀ ਰਾਹਤ
ਸੁਖਦੇਵ ਸਿੰਘ ਭੁੱਲਰ ਅਤੇ ਦਿਲਬਾਗ ਸਿੰਘ ਨੇ ਪਹਿਲਾਂ ਹੇਠਲੀ ਅਦਾਲਤਾਂ ਵਿੱਚ ਅਗਾਊਂ ਜ਼ਮਾਨਤ ਲਈ ਪਹੁੰਚ ਕੀਤੀ ਸੀ। ਰਾਹਤ ਨਾ ਮਿਲਣ ਤੋਂ ਬਾਅਦ ਦੋਵਾਂ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। 14 ਸਤੰਬਰ ਨੂੰ ਹਾਈਕੋਰਟ ਨੇ ਦੋਵਾਂ ਦੀਆਂ ਪਟੀਸ਼ਨਾਂ ’ਤੇ ਫੈਸਲਾ ਰਾਖਵਾਂ ਰੱਖਿਆ ਸੀ, ਜੋ ਹੁਣ ਰੱਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਲਾਲਜੀਤ ਸਿੰਘ ਭੁੱਲਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪੁਲਿਸ ਨੇ ਬਾਅਦ ਵਿੱਚ ਮਾਮਲੇ ਵਿੱਚ ਚਲਾਨ ਵੀ ਪੇਸ਼ ਕੀਤਾ ਸੀ। ਸੁਖਦੇਵ ਸਿੰਘ ਭੁੱਲਰ ਅਤੇ ਦਿਲਬਾਗ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਕਾਰਵਾਈ ਅਜੇ ਬਾਕੀ ਦੱਸੀ ਜਾ ਰਹੀ ਹੈ।

ਟੈਂਡਰ ਵਿਵਾਦ ਤੋਂ ਬਾਅਦ ਵਧਿਆ ਸੀ ਮਾਮਲਾ
ਪੁਲਿਸ ਜਾਂਚ ਮੁਤਾਬਕ ਮਾਮਲਾ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਨਾਲ ਜੁੜੇ ਟੈਂਡਰ ਵਿਵਾਦ ਤੋਂ ਬਾਅਦ ਸਾਹਮਣੇ ਆਇਆ। ਰੰਧਾਵਾ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਵੱਲੋਂ ਲਗਾਏ ਗਏ ਦੋਸ਼ਾਂ ਦੇ ਆਧਾਰ ’ਤੇ ਪੁਲਿਸ ਨੇ ਜਾਂਚ ਅੱਗੇ ਵਧਾਈ। ਇਸ ਦੌਰਾਨ ਮ੍ਰਿਤਕ ਦੀ ਪਤਨੀ ਵੱਲੋਂ ਮਾਮਲੇ ਦੀ CBI ਜਾਂਚ ਦੀ ਮੰਗ ਨੂੰ ਲੈ ਕੇ ਹਾਈਕੋਰਟ ਵਿੱਚ ਦਾਇਰ ਪਟੀਸ਼ਨ ਵਾਪਸ ਲੈ ਲਈ ਗਈ ਸੀ। ਹਾਈਕੋਰਟ ਵੱਲੋਂ ਅਗਾਊਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਹੁਣ ਸੁਖਦੇਵ ਸਿੰਘ ਭੁੱਲਰ ਅਤੇ ਦਿਲਬਾਗ ਸਿੰਘ ਕੋਲ ਅਗਲੇ ਕਾਨੂੰਨੀ ਵਿਕਲਪਾਂ ਤਹਿਤ ਸੁਪਰੀਮ ਕੋਰਟ ਦਾ ਰੁਖ ਕਰਨ ਜਾਂ ਜਾਂਚ ਵਿੱਚ ਸ਼ਾਮਲ ਹੋਣ ਦਾ ਰਸਤਾ ਰਹਿੰਦਾ ਹੈ।