ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ‘ਚ 8 ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 21 ਸਤੰਬਰ ਤੱਕ ਵਧੀ

Top Trending News ਰਾਸ਼ਟਰੀ

 

ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ‘ਚ 8 ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 21 ਸਤੰਬਰ ਤੱਕ ਵਧੀ

ਅਯੁੱਧਿਆ 19 ਸਤੰਬਰ 2026

ਰਾਮ ਮੰਦਰ ਵਿੱਚ ਸ਼ਰਧਾਲੂਆਂ ਵੱਲੋਂ ਚੜ੍ਹਾਏ ਗਏ ਦਾਨ ਦੀ ਗਿਣਤੀ ਵਿੱਚ ਕਥਿਤ ਹੇਰਾਫੇਰੀ ਅਤੇ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਅੱਠ ਮੁਲਜ਼ਮਾਂ ਨੂੰ ਫਿਲਹਾਲ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ। ਅਯੁੱਧਿਆ ਦੀ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਬੀਤੇ ਕੱਲ੍ਹ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 21 ਸਤੰਬਰ ਤੱਕ ਵਧਾ ਦਿੱਤੀ ਹੈ।

ਵਿਸ਼ੇਸ਼ ਜੱਜ ਰਜਤ ਵਰਮਾ ਦੀ ਅਦਾਲਤ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ 21 ਸਤੰਬਰ ਨੂੰ ਹੋਵੇਗੀ। ਮੁਲਜ਼ਮਾਂ ਦੇ ਵਕੀਲ ਕੁਲਸ਼ੇਖਰ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਜਾਂਚ ਅਧਿਕਾਰੀ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਅਗਲੀ ਸੁਣਵਾਈ ਦੌਰਾਨ ਮਾਮਲੇ ਦੀ ਜਾਂਚ-ਡਾਇਰੀ ਅਤੇ ਜਾਂਚ ਰਿਪੋਰਟ ਹਰ ਹਾਲਤ ਵਿੱਚ ਪੇਸ਼ ਕੀਤੀ ਜਾਵੇ।

ਦੱਸਿਆ ਜਾਂਦਾ ਹੈ ਕਿ ਮੰਦਰ ਵਿੱਚ ਚੜ੍ਹਾਵੇ ਦੀ ਗਿਣਤੀ ਵਿੱਚ ਕਥਿਤ ਗੜਬੜ ਅਤੇ ਚੋਰੀ ਦੇ ਦੋਸ਼ਾਂ ਤਹਿਤ 25 ਜੂਨ 2026 ਨੂੰ ਦਰਜ ਹੋਈ ਐੱਫਆਈਆਰ ਤੋਂ ਬਾਅਦ ਅੱਠਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਵਕੀਲ ਮੁਤਾਬਕ ਜਾਂਚ ਅਧਿਕਾਰੀ ਵੱਲੋਂ ਸਮੇਂ ਸਿਰ ਰਿਪੋਰਟ ਪੇਸ਼ ਨਾ ਕੀਤੇ ਜਾਣ ਕਾਰਨ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਲਗਾਤਾਰ ਟਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਗਲੀ ਤਾਰੀਖ਼ ਨੂੰ ਵੀ ਜਾਂਚ-ਡਾਇਰੀ ਪੇਸ਼ ਨਾ ਕੀਤੀ ਗਈ ਤਾਂ ਮੁਲਜ਼ਮਾਂ ਦੀ ਜ਼ਮਾਨਤ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਜਾਵੇਗੀ।