ਸੜਕ ਹਾਦਸੇ ‘ਚ ਅਧਿਆਪਕ ਦੀ ਮੌਤ

Top Trending News ਕੌਮਾਂਤਰੀ ਰਾਸ਼ਟਰੀ

 

ਸੜਕ ਹਾਦਸੇ ‘ਚ ਅਧਿਆਪਕ ਦੀ ਮੌਤ

ਪ੍ਰਯਾਗਰਾਜ, 19 ਸਤੰਬਰ: ਪ੍ਰਯਾਗਰਾਜ ਦੇ ਹੰਡੀਆ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਬਾਈਕ ਸਟੰਟ ਦੇਖਣ ਲਈ ਸੜਕ ਕਿਨਾਰੇ ਇਕੱਠੇ ਹੋਏ ਲੋਕਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ। ਸੈਦਾਬਾਦ ਦੇ ਬੰਘਾ ਰੇਲਵੇ ਓਵਰਬ੍ਰਿਜ ਨੇੜੇ ਨੈਸ਼ਨਲ ਹਾਈਵੇਅ ’ਤੇ ਤੇਜ਼ ਰਫ਼ਤਾਰ ਬੋਲੇਰੋ ਬੇਕਾਬੂ ਹੋ ਕੇ ਸਟੰਟ ਕਰ ਰਹੇ ਨੌਜਵਾਨ ਸਮੇਤ ਸੜਕ ਕਿਨਾਰੇ ਖੜ੍ਹੇ ਲੋਕਾਂ ਵਿੱਚ ਜਾ ਵੜੀ। ਹਾਦਸੇ ਵਿੱਚ 55 ਸਾਲਾ ਅਧਿਆਪਕ ਸੰਜੇ ਸਿੰਘ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ।

ਜਾਣਕਾਰੀ ਮੁਤਾਬਕ ਭਦੋਹੀ ਦੇ ਓਝਾਪੁਰ ਵਾਸੀ 22 ਸਾਲਾ ਆਸ਼ੀਸ਼ ਜੈਸਵਾਲ ਬਾਈਕ ’ਤੇ ‘ਵੀਲੀ’ ਸਮੇਤ ਖ਼ਤਰਨਾਕ ਸਟੰਟ ਕਰ ਰਿਹਾ ਸੀ। ਉਸ ਨੂੰ ਦੇਖਣ ਲਈ ਕਈ ਲੋਕ ਅਤੇ ਬਾਈਕ ਸਵਾਰ ਹਾਈਵੇਅ ਦੇ ਕਿਨਾਰੇ ਰੁਕ ਗਏ। ਇਸੇ ਦੌਰਾਨ ਵਾਰਾਣਸੀ ਵੱਲੋਂ ਆ ਰਹੀ ਬੋਲੇਰੋ ਅਚਾਨਕ ਬੇਕਾਬੂ ਹੋ ਗਈ ਅਤੇ ਭੀੜ ਨੂੰ ਟੱਕਰ ਮਾਰ ਦਿੱਤੀ।

ਜ਼ਖ਼ਮੀਆਂ ਨੂੰ ਸੈਦਾਬਾਦ ਦੇ ਸੀਐੱਚਸੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੰਜੇ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਆਸ਼ੀਸ਼ ਜੈਸਵਾਲ, ਪ੍ਰਦੀਪ ਮਿਸ਼ਰਾ ਅਤੇ ਸੰਜੇ ਸਿੰਘ ਉਰਫ਼ ਦੀਪੂ ਨੂੰ ਗੰਭੀਰ ਹਾਲਤ ਵਿੱਚ ਐੱਸਆਰਐੱਨ ਹਸਪਤਾਲ, ਪ੍ਰਯਾਗਰਾਜ ਰੈਫਰ ਕੀਤਾ ਗਿਆ। ਪੁਲਿਸ ਨੇ ਬੋਲੇਰੋ ਸਮੇਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।