ਨੌਜਵਾਨ ਤੇ ਲੜਕੀ ਨੇ ਨਿਗਲਿਆ ਜ਼ਹਿਰ, ਲੜਕੀ ਦੀ ਮੌਤ; ਨੌਜਵਾਨ ਦੀ ਹਾਲਤ ਗੰਭੀਰ

Top Trending News ਪੰਜਾਬ

  • ਨੌਜਵਾਨ ਤੇ ਲੜਕੀ ਨੇ ਨਿਗਲਿਆ ਜ਼ਹਿਰ, ਲੜਕੀ ਦੀ ਮੌਤ; ਨੌਜਵਾਨ ਦੀ ਹਾਲਤ ਗੰਭੀਰ

ਬਠਿੰਡਾ, 20 ਸਤੰਬਰ (ਦੇਸ਼ ਕਲਿੱਕ ਬਿਊਰੋ): ਬਠਿੰਡਾ ਬੱਸ ਸਟੈਂਡ ਨੇੜੇ ਇੱਕ ਨੌਜਵਾਨ ਅਤੇ ਲੜਕੀ ਵੱਲੋਂ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਕਰੀਬ ਸਾਢੇ 12 ਵਜੇ ਬੱਸ ਸਟੈਂਡ ਦੀ ਪਿਛਲੀ ਸਾਈਡ ’ਤੇ ਦੋਵਾਂ ਨੂੰ ਬੇਹੋਸ਼ ਹਾਲਤ ਵਿੱਚ ਦੇਖਿਆ ਗਿਆ। ਰਾਹਗੀਰਾਂ ਅਤੇ ਯਾਤਰੀਆਂ ਨੇ ਇਸ ਦੀ ਸੂਚਨਾ ਸਹਾਰਾ ਜਨਸੇਵਾ ਸੰਸਥਾ ਨੂੰ ਦਿੱਤੀ। ਸਹਾਰਾ ਟੀਮ ਐਂਬੂਲੈਂਸ ਰਾਹੀਂ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ। ਮ੍ਰਿਤਕ ਲੜਕੀ ਦੀ ਅਜੇ ਪਛਾਣ ਨਹੀਂ ਹੋ ਸਕੀ। ਉੱਥੇ ਹੀ ਨੌਜਵਾਨ ਦੀ ਪਛਾਣ ਪਿੰਡ ਕੋਟਫੱਤਾ ਵਾਸੀ 20 ਸਾਲਾ ਕ੍ਰਿਸ਼ਨ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ।

ਪੁਲਿਸ ਵੱਲੋਂ ਜਾਂਚ ਜਾਰੀ
ਬੱਸ ਸਟੈਂਡ ਪੁਲਿਸ ਚੌਕੀ ਅਤੇ ਥਾਣਾ ਕੋਤਵਾਲੀ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਲੜਕੀ ਦੀ ਪਛਾਣ ਕਰਨ ਲਈ ਵੀ ਯਤਨ ਕਰ ਰਹੀ ਹੈ। ਉਸ ਕੋਲੋਂ ਇੱਕ ਮੋਬਾਈਲ ਫੋਨ ਮਿਲਿਆ ਹੈ, ਜਿਸ ’ਤੇ ਪੈਟਰਨ ਲਾਕ ਲੱਗਾ ਹੋਇਆ ਹੈ। ਪੁਲਿਸ ਵੱਲੋਂ ਮੋਬਾਈਲ ਦੇ ਆਧਾਰ ’ਤੇ ਉਸ ਦੀ ਪਛਾਣ ਅਤੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਥਾਣਾ ਕੋਤਵਾਲੀ ਦੇ ਇੰਚਾਰਜ ਯਾਦਵਿੰਦਰ ਸਿੰਘ ਮੁਤਾਬਕ ਨੌਜਵਾਨ ਦੇ ਮਾਪੇ ਹਸਪਤਾਲ ਪਹੁੰਚੇ ਸਨ, ਪਰ ਅਜੇ ਤੱਕ ਉਨ੍ਹਾਂ ਦੇ ਬਿਆਨ ਦਰਜ ਨਹੀਂ ਹੋਏ। ਨੌਜਵਾਨ ਨੂੰ ਏਮਜ਼ ਬਠਿੰਡਾ ਲਿਜਾਇਆ ਗਿਆ ਹੈ ਅਤੇ ਉਹ ਇਸ ਸਮੇਂ ਬੋਲਣ ਦੀ ਸਥਿਤੀ ਵਿੱਚ ਨਹੀਂ ਹੈ।

ਫਿਲਹਾਲ ਦੋਵਾਂ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ, ਇਸ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਅਤੇ ਹੋਰ ਤੱਥਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ।