- ਪਤੀ ਨੇ ਗੁਆਂਢੀ ਦੇ ਘਰ ਜਾ ਕੇ ਕੀਤਾ ਪਤਨੀ ਦਾ ਕਤਲ
ਫਰੀਦਕੋਟ, 20 ਸਤੰਬਰ (ਦੇਸ਼ ਕਲਿੱਕ ਬਿਊਰੋ): ਪਿੰਡ ਕੋਹਾਰਵਾਲਾ ਵਿੱਚ ਸ਼ਨੀਵਾਰ ਦੇਰ ਰਾਤ ਘਰੇਲੂ ਝਗੜੇ ਤੋਂ ਬਾਅਦ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਤੇਜ਼ਧਾਰ ਕਿਰਚ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ 30 ਸਾਲਾ ਸਰਬਜੀਤ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਝਗੜੇ ਤੋਂ ਬਾਅਦ ਸਰਬਜੀਤ ਆਪਣੀ ਜਾਨ ਬਚਾਉਣ ਲਈ ਗੁਆਂਢੀ ਦੇ ਘਰ ਜਾ ਕੇ ਸੁੱਤੀ ਸੀ, ਪਰ ਉਸ ਦਾ ਪਤੀ ਛੱਤ ਦੇ ਰਸਤੇ ਉੱਥੇ ਪਹੁੰਚ ਗਿਆ।
ਜਾਣਕਾਰੀ ਮੁਤਾਬਕ ਸ਼ਨੀਵਾਰ ਸ਼ਾਮ ਸਰਬਜੀਤ ਕੌਰ ਅਤੇ ਉਸ ਦੇ ਪਤੀ ਗੁਰਜੰਟ ਸਿੰਘ ਵਿਚਕਾਰ ਝਗੜਾ ਹੋਇਆ ਸੀ। ਪਰਿਵਾਰ ਅਤੇ ਪਿੰਡ ਵਾਸੀਆਂ ਅਨੁਸਾਰ ਗੁਰਜੰਟ ਸਿੰਘ ਕਥਿਤ ਤੌਰ ’ਤੇ ਸ਼ਰਾਬ ਦਾ ਆਦੀ ਹੈ ਅਤੇ ਪਹਿਲਾਂ ਵੀ ਆਪਣੀ ਪਤਨੀ ਨਾਲ ਕਈ ਵਾਰ ਕੁੱਟਮਾਰ ਕਰ ਚੁੱਕਾ ਸੀ। ਸ਼ਾਮ ਨੂੰ ਹੋਏ ਝਗੜੇ ਤੋਂ ਬਾਅਦ ਸਰਬਜੀਤ ਗੁਆਂਢੀ ਦੇ ਘਰ ਚਲੀ ਗਈ ਅਤੇ ਉੱਥੇ ਹੀ ਸੌਂ ਗਈ।
ਪਰਿਵਾਰ ਮੁਤਾਬਕ ਅੱਧੀ ਰਾਤ ਦੇ ਕਰੀਬ ਗੁਰਜੰਟ ਸਿੰਘ ਛੱਤ ਦੇ ਰਸਤੇ ਗੁਆਂਢੀ ਦੇ ਘਰ ਵਿੱਚ ਦਾਖ਼ਲ ਹੋਇਆ ਅਤੇ ਸੁੱਤੀ ਪਈ ਸਰਬਜੀਤ ਕੌਰ ’ਤੇ ਤੇਜ਼ਧਾਰ ਕਿਰਚ ਨਾਲ ਹਮਲਾ ਕਰ ਦਿੱਤਾ। ਸਿਰ ਅਤੇ ਛਾਤੀ ’ਤੇ ਕਈ ਵਾਰ ਕੀਤੇ ਜਾਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਗੁਆਂਢੀ ਦੇ ਘਰ ਵਿੱਚ ਕਈ ਥਾਵਾਂ ’ਤੇ ਖੂਨ ਦੇ ਨਿਸ਼ਾਨ ਮਿਲੇ ਹਨ।
13 ਸਾਲ ਪਹਿਲਾਂ ਹੋਇਆ ਸੀ ਵਿਆਹ
ਮ੍ਰਿਤਕਾ ਦੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਕਰੀਬ 13 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਦੋ ਲੜਕੀਆਂ ਅਤੇ ਇੱਕ ਲੜਕਾ ਸ਼ਾਮਲ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਅਤੇ ਉਸ ਦੇ ਸਿਰ ਤੇ ਛਾਤੀ ’ਤੇ ਕਈ ਵਾਰ ਕੀਤੇ ਗਏ। ਸੁਖਵਿੰਦਰ ਸਿੰਘ ਨੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਭੇਜ ਦਿੱਤਾ ਹੈ। ਥਾਣਾ ਸਦਰ ਦੇ SHO ਸਿਕੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਵੀ ਯਤਨ ਕੀਤੇ ਜਾ ਰਹੇ ਹਨ।








