Breaking: ਸੋਨੇ ਦੀ ਖਾਣ ਢਹਿਣ ਕਾਰਨ ਵੱਡਾ ਹਾਦਸਾ; 11 ਵਿਅਕਤੀਆਂ ਦੀ ਮੌਤ, 30 ਤੋਂ ਵੱਧ ਜ਼ਖ਼ਮੀ
ਸੂਡਾਨ 21 ਸਤੰਬਰ 2026
ਸੂਡਾਨ ਵਿੱਚ ਸੋਨੇ ਦੀ ਖਾਣ ਢਹਿਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਪਿਛਲੇ ਸੱਤ ਦਿਨਾਂ ਦੌਰਾਨ ਇਹ ਦੂਜੀ ਵਾਰ ਹੈ, ਜਦੋਂ ਸੋਨੇ ਦੀ ਖਾਣ ਢਹਿਣ ਕਾਰਨ ਜਾਨੀ ਨੁਕਸਾਨ ਹੋਇਆ ਹੈ। ਹਾਦਸੇ ਵਿੱਚ ਘੱਟੋ-ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਕਈ ਵਿਅਕਤੀਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ।
ਇਹ ਹਾਦਸਾ ਲਾਲ ਸਾਗਰ ਸੂਬੇ ਦੇ ਦੂਰ-ਦੁਰਾਡੇ ਓਨੀ ਖੇਤਰ ਵਿੱਚ ਵਾਪਰਿਆ। ਜਾਣਕਾਰੀ ਅਨੁਸਾਰ ਖਾਣ ਸ਼ਨੀਵਾਰ ਰਾਤ ਤੋਂ ਹੀ ਢਹਿਣੀ ਸ਼ੁਰੂ ਹੋ ਗਈ ਸੀ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ। ਐਤਵਾਰ ਤੱਕ 11 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਸਨ, ਜਦਕਿ 30 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਲਬੇ ਹੇਠ ਫਸੇ ਹੋਰ ਲੋਕਾਂ ਦੀ ਭਾਲ ਲਈ ਬਚਾਅ ਦਸਤੇ ਲਗਾਤਾਰ ਕਾਰਵਾਈ ਕਰ ਰਹੇ ਹਨ। ਸੂਡਾਨੀ ਖਣਿਜ ਸਰੋਤ ਕੰਪਨੀ ਨੇ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।








