ਵੱਡੀ ਖ਼ਬਰ: ਸਕੂਲਾਂ ‘ਚ ਬੁਰਕਾ ਅਤੇ ਨਕਾਬ ’ਤੇ ਪਾਬੰਦੀ ਲਾਉਣ ਦੀ ਤਿਆਰੀ
ਰੋਮ 21 ਸਤੰਬਰ 2026
ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਸਰਕਾਰ ਨੇ ਸਕੂਲਾਂ ਅਤੇ ਸਿੱਖਿਆ ਪ੍ਰਬੰਧ ਨਾਲ ਸਬੰਧਤ ਸਖ਼ਤ ਤਜਵੀਜ਼ਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਤਹਿਤ ਸਕੂਲਾਂ ਵਿੱਚ ਬੁਰਕਾ ਅਤੇ ਨਕਾਬ ਪਹਿਨਣ ’ਤੇ ਪੂਰਨ ਪਾਬੰਦੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹਰੇਕ ਜਮਾਤ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਲਈ ਨਿਰਧਾਰਤ ਹੱਦ ਤੈਅ ਕਰਨ ਦੀ ਤਜਵੀਜ਼ ਵੀ ਰੱਖੀ ਗਈ ਹੈ।
ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਆਪਣੀ ਪਾਰਟੀ ‘ਬ੍ਰਦਰਜ਼ ਆਫ਼ ਇਟਲੀ’ ਦੇ ਯੁਵਾ ਵਿੰਗ ਵੱਲੋਂ ਕਰਵਾਏ ਕੌਮੀ ਸਮਾਗਮ ‘ਫੀਨਿਕਸ’ ਦੌਰਾਨ ਇਨ੍ਹਾਂ ਪ੍ਰਸਤਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਆਉਣ ਵਾਲੇ ਬੱਚਿਆਂ ਦਾ ਚਿਹਰਾ ਸਪੱਸ਼ਟ ਦਿਖਾਈ ਦੇਣਾ ਚਾਹੀਦਾ ਹੈ।
ਮੇਲੋਨੀ ਨੇ ਕਿਹਾ ਕਿ ਕਿਸੇ ਵੀ ਅਸਲ ਜਾਂ ਕਥਿਤ ਰਵਾਇਤ ਦੇ ਨਾਂ ’ਤੇ ਕਿਸੇ ਬੱਚੀ ਜਾਂ ਨੌਜਵਾਨ ਲੜਕੀ ਨੂੰ ਆਪਣਾ ਚਿਹਰਾ ਢਕਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਸਰਕਾਰ ਦਾ ਕਹਿਣਾ ਹੈ ਕਿ ਸਕੂਲੀ ਵਾਤਾਵਰਨ ਵਿੱਚ ਬੱਚਿਆਂ ਦੀ ਆਪਸੀ ਪਛਾਣ, ਸੰਚਾਰ ਅਤੇ ਸਿੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਦਮ ਵਿਚਾਰ ਅਧੀਨ ਲਿਆਂਦਾ ਗਿਆ ਹੈ। ਇਹ ਪ੍ਰਸਤਾਵ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸਾਹਮਣੇ ਆਇਆ ਹੈ।








