ਕੈਨੇਡਾ ‘ਚ ਉਡਾਣ ਸਿਖਲਾਈ ਦੌਰਾਨ ਹਾਦਸਾ, 2 ਭਾਰਤੀ ਵਿਦਿਆਰਥੀਆਂ ਦੀ ਮੌਤ

Top Trending News ਕੌਮਾਂਤਰੀ

 

ਕੈਨੇਡਾ ‘ਚ ਉਡਾਣ ਸਿਖਲਾਈ ਦੌਰਾਨ ਹਾਦਸਾ, 2 ਭਾਰਤੀ ਵਿਦਿਆਰਥੀਆਂ ਦੀ ਮੌਤ

ਕੈਨੇਡਾ, 21 ਸਤੰਬਰ 2026

ਕੈਨੇਡਾ ਵਿੱਚ ਉਡਾਣ ਸਿਖਲਾਈ ਦੌਰਾਨ ਵਾਪਰੇ ਦਰਦਨਾਕ ਹਵਾਈ ਹਾਦਸੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਤਾਮਿਲਨਾਡੂ ਦੇ ਮਨੋਜ ਸਿਵਾਕੁਮਾਰ ਅਤੇ ਪੁਡੂਚੇਰੀ ਦੇ ਸ੍ਰੀਸਰਨ ਥਿਰੂਗਨਾਨਾਸੰਬੰਥਮ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਦੋਵੇਂ ਵਿਦਿਆਰਥੀ ਕੈਨੇਡਾ ਵਿੱਚ ਉਡਾਣ ਸਿਖਲਾਈ ਪ੍ਰਾਪਤ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨਾਲ ਹਵਾਈ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋਵਾਂ ਦੀ ਜਾਨ ਚਲੀ ਗਈ। ਹਾਦਸੇ ਦੇ ਕਾਰਨਾਂ ਸਬੰਧੀ ਅਜੇ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਵੈਨਕੂਵਰ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਦੁਖਦਾਈ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੌਂਸਲੇਟ ਵੱਲੋਂ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਇਸ ਔਖੀ ਘੜੀ ਵਿੱਚ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੀ ਗੱਲ ਕਹੀ ਗਈ ਹੈ।

ਇਸ ਹਾਦਸੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਵਿਦਿਆਰਥੀਆਂ ਦੇ ਪਰਿਵਾਰਾਂ ਅਤੇ ਸਬੰਧੀਆਂ ਵਿੱਚ ਸੋਗ ਦੀ ਲਹਿਰ ਹੈ। ਹਾਦਸੇ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।