ਚੰਡੀਗੜ੍ਹ: 8 ਲੈਕਚਰਾਰਾਂ ਨੂੰ ਤਰੱਕੀ, ਬਣੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ
ਚੰਡੀਗੜ੍ਹ 21 ਸਤੰਬਰ 2026
ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਤਾਇਨਾਤ 8 ਲੈਕਚਰਾਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਨਿਯੁਕਤ ਕੀਤਾ ਹੈ। ਵਿਭਾਗੀ ਤਰੱਕੀ ਕਮੇਟੀ (ਡੀਪੀਸੀ) ਦੀਆਂ ਸਿਫ਼ਾਰਸ਼ਾਂ ਅਤੇ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ (ਆਈਏਐਸ) ਦੀ ਮੰਜ਼ੂਰੀ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ ਗਏ ਹਨ। ਨਵੀਆਂ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।
ਤਰੱਕੀ ਹਾਸਲ ਕਰਨ ਵਾਲਿਆਂ ਵਿੱਚ ਸੀਮਾ ਸੂਰੀ (ਭੂਗੋਲ), ਅਨੁਪਮਾ ਭਾਰਦਵਾਜ (ਅੰਗਰੇਜ਼ੀ), ਰੇਨੂ ਚੰਦਾ (ਮਨੋਵਿਗਿਆਨ), ਸਾਧਨਾ ਮਹਿਤਾ (ਅੰਗਰੇਜ਼ੀ), ਜਗਮੋਹਨ ਕੌਰ (ਰਸਾਇਣ ਵਿਗਿਆਨ), ਸੁਖਬੀਰ ਕੌਰ (ਇਤਿਹਾਸ), ਬਲਵਿੰਦਰ ਕੌਰ (ਰਾਜਨੀਤੀ ਸ਼ਾਸਤਰ) ਅਤੇ ਨਰਿੰਦਰ ਪਾਲ (ਹਿੰਦੀ) ਸ਼ਾਮਲ ਹਨ। ਇਹ ਅਧਿਆਪਕ ਚੰਡੀਗੜ੍ਹ ਦੇ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਸਨ।
ਵਿਭਾਗ ਵੱਲੋਂ ਤਰੱਕੀ ਦੇ ਨਾਲ ਕੁਝ ਸ਼ਰਤਾਂ ਵੀ ਲਾਗੂ ਕੀਤੀਆਂ ਗਈਆਂ ਹਨ। ਨਵੇਂ ਨਿਯੁਕਤ ਪ੍ਰਿੰਸੀਪਲਾਂ ਲਈ ਇੱਕ ਸਾਲ ਦਾ ਪਰਖ ਸਮਾਂ ਨਿਰਧਾਰਤ ਕੀਤਾ ਗਿਆ ਹੈ। ਜੇਕਰ ਕੋਈ ਅਧਿਆਪਕ ਤਰੱਕੀ ਸਵੀਕਾਰ ਨਹੀਂ ਕਰਦਾ ਤਾਂ ਨਿਯਮਾਂ ਅਨੁਸਾਰ ਉਸ ਨੂੰ ਅਗਲੀ ਤਰੱਕੀ ਤੋਂ ਵਾਂਝਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਯੋਗਤਾ ਸਬੰਧੀ ਕੋਈ ਅਯੋਗਤਾ ਸਾਹਮਣੇ ਆਉਣ ’ਤੇ ਉਸ ਨੂੰ ਮੁੜ ਪੁਰਾਣੇ ਅਹੁਦੇ ’ਤੇ ਭੇਜਿਆ ਜਾ ਸਕਦਾ ਹੈ।








