- ਜਿੰਨਾ ਸੰਸਥਾਵਾਂ ਦੀਆਂ ਨੀਂਹਾਂ ਵਿੱਚ ਸਾਡੇ ਪੁਰਖਿਆਂ ਦੇ ਸਿਰ ਲੱਗੇ ਹਨ, ਉਹਨਾਂ ਸੰਸਥਾਵਾਂ ਨੂੰ ਰੋਲਿਆ ਜਾ ਰਿਹਾ – ਗਿਆਨੀ ਹਰਪ੍ਰੀਤ ਸਿੰਘ
- 11 ਦਿਨ ਜੱਥੇ ਦੇ ਰੂਪ ਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੀ ਜਾਵੇਗੀ ਅਰਦਾਸ।
- ਰਿਟਾਇਰਡ ਜੱਜ ਦੀ ਅਗਵਾਈ ਹੇਠ ਸਿੱਟ ਬਣਾਕੇ ਨਿਰਪੱਖ ਜਾਂਚ ਕਰਾਏ ਸਰਕਾਰ।
ਚੰਡੀਗੜ੍ਹ-: 21 ਸਤੰਬਰ (ਦੇਸ਼ ਕਲਿੱਕ ਬਿਊਰੋ) ਜਿੰਨਾ ਸੰਸਥਾਵਾਂ ਨੂੰ ਖੜ੍ਹੀਆਂ ਕਰਨ ਵਿੱਚ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ, ਜਿੰਨਾ ਦੀ ਉਸਾਰੀ ਲਈ ਆਪਣਾ ਖੂਨ ਡੋਲਿਆ, ਅੱਜ ਉਨ੍ਹਾਂ ਸੰਸਥਾਵਾਂ ਨੂੰ ਮਸੰਦਾਂ ਵੱਲੋਂ ਬੁਰੀ ਤਰਾਂ ਰੋਲਿਆ ਜਾ ਰਿਹਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਦੋਸ਼ ਲਾਇਆ ਕਿ ਦੋ ਦਸੰਬਰ ਦੇ ਹੁਕਮਨਾਮਿਆ ਦਾ ਬਦਲਾ ਲੈਣ ਲਈ ਇਹ ਲੋਕ ਇਸ ਹੱਦ ਤੱਕ ਗਿਰ ਚੁੱਕੇ ਹਨ ਕਿ ਵਿਦੇਸ਼ ਤੋਂ ਇਕ ਬੀਬੀ ਨੂੰ ਲਿਆ ਕੇ ਮੇਰੇ ਖਿਲਾਫ ਵਰਤਣ ਲਈ ਸ਼੍ਰੋਮਣੀ ਕਮੇਟੀ ਵਿੱਚ ਸਹੂਲਤਾਂ ਅਤੇ ਰਿਹਾਇਸ਼ ਦਿੱਤੀ ਗਈ।
ਉਹਨਾਂ ਕਿਹਾ ਕਿ ਮੈਨੂੰ ਪਤਾ ਲੱਗਿਆ ਹੈ ਕਿ ਮੇਰੀ ਕਿਰਦਾਰਕੁਸ਼ੀ ਕਰਨ ਲਈ ਇਸ ਬੀਬੀ ਨੂੰ ਵਿਦੇਸ਼ ਤੋਂ ਇਕ ਯੂਥ ਆਗੂ ਦੁਆਰਾ ਮੰਗਵਾਇਆ ਗਿਆ ਸੀ। ਪਰ ਇਹ ਬੰਬ ਉਹਨਾਂ ਦੇ ਆਪਣੇ ਹੀ ਹੱਥਾਂ ਵਿੱਚ ਫਟ ਗਿਆ ਕਿਉਂਕਿ ਸਾਡੇ ਅਸੀਸ ਤੇ ਗੁਰੂ ਦੀ ਬਖਸ਼ਿਸ਼ ਸੀ ਜਿਸ ਨੇ ਆਪ ਰੱਖਿਆ ਕੀਤੀ। ਉਹਨਾਂ ਨੇ ਦੋਸ਼ ਲਗਾਇਆ ਕਿ ਹੁਣ ਇਕ ਬੰਦੇ ਉੱਤੇ ਸਾਰਾ ਇਲਜ਼ਾਮ ਲਗਾ ਕੇ ਪੂਰੀ ਸਾਜਿਸ਼ ਨੂੰ ਛੁਪਾਇਆ ਜਾ ਰਿਹਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਕੀਤਾ ਕਿ ਇਕ ਔਰਤ ਛੇ ਮਹੀਨੇ ਤੱਕ ਗੁਰੂ ਘਰ ਦੀ ਸਰਾਂ ਵਿੱਚ ਸਾਰੀਆਂ ਸਹੂਲਤਾਂ ਮਾਣ ਰਹੀ ਸੀ, ਕੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਸ ਦੀ ਜਾਣਕਾਰੀ ਨਹੀਂ ਹੋਵੇਗੀ? ਜੇ ਜਾਣਕਾਰੀ ਹੀ ਨਹੀਂ ਸੀ ਤਾਂ ਉਹ ਪ੍ਰਧਾਨਗੀ ਕਰਨ ਦੇ ਕਾਬਲ ਹੀ ਨਹੀਂ। ਉਸ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਵੀ ਇਸ ਘਟਨਾ ਤੋਂ ਅਣਜਾਣਤਾ ਪ੍ਰਗਟਾਉਣਾ ਵੀ ਹੈਰਾਨੀਜਨਕ ਹੈ ਜਦ ਕਿ ਮੌਜੂਦਾ ਜਥੇਦਾਰ ਨੂੰ ਸਭ ਪਤਾ ਹੋਣਾ ਚਾਹੀਦਾ ਹੈ ਕਿ ਤਖ਼ਤ ਸਾਹਿਬ ਦੇ ਪ੍ਰਬੰਧ ਵਿੱਚ ਕੀ ਹੋ ਰਿਹਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਸ ਚਾਵਲਾ ਖਿਲਾਫ ਹੋਏ ਫੈਸਲੇ ਬਾਰੇ ਕਿਹਾ ਕਿ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਪਰ ਫੈਸਲਾ ਕਾਹਲੀ ਵਿੱਚ ਲਿਆ ਗਿਆ ਹੈ ਜਦਕਿ ਮਰਿਆਦਾ ਅਨੁਸਾਰ ਦੋਸ਼ੀਆਂ ਤੋਂ ਪਹਿਲਾਂ ਜਵਾਬ ਲੈਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਵਿਦੇਸ਼ ਵਿਚ ਬੈਠਾ ਅਮਰਜੀਤ ਸਿੰਘ ਚਾਵਲਾ ਬਿਆਨ ਦੇ ਰਿਹਾ ਹੈ ਕਿ ਮੈਨੂੰ ਬਲੀ ਦਾ ਬਕਰਾ ਬਣਾਇਆ ਗਿਆ ਕਿਉਂਕਿ ਸਾਰੇ ਆਗੂ ਜਾਣਦੇ ਸਨ ਕਿ ਉਸ ਬੀਬੀ ਨੂੰ ਬਹਿਰੀਨ ਤੋਂ ਕਿਉਂ ਲਿਆਂਦਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ‘ਤੇ ਵੀ ਸਵਾਲ ਚੁੱਕੇ ਕਿ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਦੋਸ਼ੀ ਨੂੰ ਏਨੀ ਛੂਟ ਕਿਉਂ ਦਿੱਤੀ ਗਈ ਕਿ ਉਹ ਵਿਦੇਸ਼ ਭੱਜਣ ਵਿੱਚ ਸਫਲ ਹੋ ਗਿਆ। ਜੇ ਸਰਕਾਰ ਨੂੰ ਇਹ ਪਤਾ ਹੈ ਕਿ ਕਿਹੜੇ ਆਗੂਆ ਨੇ ਬੀਬੀ ਨੂੰ ਕਿਸੇ ਮਕਸਦ ਲਈ ਬੁਲਾਇਆ ਸੀ ਤਾਂ ਪ੍ਰੈੱਸ ਕਾਨਫਰੰਸ ਕਰਕੇ ਇਲਜ਼ਾਮ-ਦਰਾਜੀ ਕਰਨ ਦੀ ਬਜਾਏ ਇਸਦੀ ਨਿਰਪੱਖ ਜਾਂਚ ਕਰਵਾ ਕੇ ਸੱਚਾਈ ਸਾਹਮਣੇ ਕਿਉਂ ਨਹੀਂ ਲਿਆਉਂਦੀ?
ਅਸੀਂ ਸਰਕਾਰ ਤੋ ਮੰਗ ਕਰਦੇ ਹਾਂ ਕਿ ਰਿਟਾਇਰਡ ਜੱਜ ਦੀ ਅਗਵਾਈ ਵਿਚ ਸਿਟ ਬਣਾ ਕੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਕਿਉਂਕਿ ਸ਼੍ਰੋਮਣੀ ਕਮੇਟੀ ਤੋਂ ਤਾਂ ਅਸੀਂ ਹੁਣ ਇਹ ਆਸ ਵੀ ਨਹੀ ਰੱਖਦੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਿਣਾਉਣੀ ਹਰਕਤ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਅਸਤੀਫੇ ਲਈ ੧੧ ਦਿਨ ਲਗਾਤਾਰ ਜੱਥਿਆ ਦੇ ਰੂਪ ਚ ਸਾਡੇ ਜਿਲ੍ਹਾ ਜਥੇ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਨੂੰ ਮੰਗ ਪੱਤਰ ਦੇਣਗੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾਕੇ ਅਰਦਾਸ ਕਰਿਆ ਕਰਨਗੇ।
ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਪ੍ਰੋਫ ਪ੍ਰੇਮ ਸਿੰਘ ਚੰਦੂਮਾਜਰਾ ਸੀਨੀਅਰ ਮੀਤ ਪ੍ਰਧਾਨ ਸ ਪਰਮਿੰਦਰ ਸਿੰਘ ਢੀਂਡਸਾ, ਸ ਸੁੱਚਾ ਸਿੰਘ ਛੋਟੇਪੁਰ, ਸ ਸਰਵਣ ਸਿੰਘ ਫਿਲੌਰ, ਭਾਈ ਮਨਜੀਤ ਸਿੰਘ, ਸ ਗੋਬਿੰਦ ਸਿੰਘ ਲੌਂਗੋਵਾਲ, ਸ ਗਗਨਜੀਤ ਸਿੰਘ ਬਰਨਾਲਾ, ਜਸਟਿਸ ਨਿਰਮਲ ਸਿੰਘ, ਸ ਦਵਿੰਦਰ ਸਿੰਘ ਸੋਢੀ, ਸ ਕਰਨੈਲ ਸਿੰਘ ਪੀਰਮੁਹੰਮਦ, ਯੂਥ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ, ਬਾਬਾ ਹਰਦੀਪ ਸਿੰਘ, ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਭਗਵੰਤ ਸਿੰਘ ਫਤਿਹਜਲਾਲ ਰਣਬੀਰ ਸਿੰਘ ਪੂਨੀਆ ਗੁਰਵਿੰਦਰ ਸਿੰਘ ਡੂਮਛੇੜੀ ਬਲਤੇਜ ਸਿੰਘ ਮਹਿਦੂਦਾਂ ਵੀ ਹਾਜਰ ਸਨ।








