ਚੰਡੀਗੜ੍ਹ ’ਚ iPhone ਲੰਗਰ ’ਤੇ ਪ੍ਰਸ਼ਾਸਨ ਦੀ ਰੋਕ

Top Trending News ਚੰਡੀਗੜ੍ਹ ਪੰਜਾਬ

  • ਚੰਡੀਗੜ੍ਹ ’ਚ iPhone ਲੰਗਰ ’ਤੇ ਪ੍ਰਸ਼ਾਸਨ ਦੀ ਰੋਕ

ਚੰਡੀਗੜ੍ਹ: 21 ਸਤੰਬਰ (ਦੇਸ਼ ਕਲਿੱਕ ਬਿਊਰੋ): ਕਾਰੋਬਾਰੀ ਰਾਕੇਸ਼ ਤ੍ਰੇਹਨ ਵੱਲੋਂ 22 ਸਤੰਬਰ ਨੂੰ ਲਗਾਏ ਜਾਣ ਵਾਲੇ ‘iPhone ਲੰਗਰ’ ’ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਰੋਕ ਲਗਾ ਦਿੱਤੀ ਹੈ। ਡੀਸੀ ਨਿਸ਼ਾਂਤ ਯਾਦਵ ਨੇ ਪੁਲਿਸ ਨੂੰ ਅਜਿਹਾ ਕੋਈ ਵੀ ਪ੍ਰੋਗਰਾਮ ਨਾ ਹੋਣ ਦੇਣ ਦੇ ਨਿਰਦੇਸ਼ ਦਿੱਤੇ ਹਨ। ਚੰਡੀਗੜ੍ਹ ਪੁਲਿਸ ਮੁਤਾਬਕ ਇਸ ਲਈ ਕੋਈ ਇਜਾਜ਼ਤ ਵੀ ਨਹੀਂ ਲਈ ਗਈ। ਡੀਸੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਨਾਲ ਭੀੜ ਜਾਂ ਭਗਦੜ ਵਰਗੀ ਸਥਿਤੀ ਬਣ ਸਕਦੀ ਹੈ, ਇਸ ਲਈ ਅਜਿਹੇ ਪ੍ਰੋਗਰਾਮ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਨੇ ਕਿਹਾ ਕਿ ਇਸ ਪ੍ਰੋਗਰਾਮ ਲਈ ਪੁਲਿਸ ਤੋਂ ਕੋਈ ਇਜਾਜ਼ਤ ਨਹੀਂ ਮੰਗੀ ਗਈ। ਉਨ੍ਹਾਂ ਕਿਹਾ ਕਿ ਬਿਨਾਂ ਇਜਾਜ਼ਤ ਅਜਿਹਾ ਪ੍ਰੋਗਰਾਮ ਕਰਵਾਉਣਾ BNSS ਦੀ ਧਾਰਾ 163 ਦੀ ਉਲੰਘਣਾ ਹੋਵੇਗਾ ਅਤੇ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾ ਸਕਦੀ ਹੈ। ਮੋਹਾਲੀ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਵੀ ਕਿਹਾ ਕਿ ਡੀਸੀ ਦੀ ਇਜਾਜ਼ਤ ਤੋਂ ਬਿਨਾਂ ਅਜਿਹਾ ਕੋਈ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਵੇਗਾ। ਬਿਨਾਂ ਇਜਾਜ਼ਤ ਪ੍ਰੋਗਰਾਮ ਕਰਵਾਉਣ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਦੀ ਗੱਲ ਵੀ ਉਨ੍ਹਾਂ ਕਹੀ।

ਕੀ ਹੈ ‘iPhone ਲੰਗਰ’ ?
ਰਾਕੇਸ਼ ਤ੍ਰੇਹਨ ਨੇ ਐਲਾਨ ਕੀਤਾ ਸੀ ਕਿ 22 ਸਤੰਬਰ ਨੂੰ ਚੰਡੀਗੜ੍ਹ ਅਤੇ ਮੋਹਾਲੀ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਮੁਫ਼ਤ iPhone ਦਿੱਤੇ ਜਾਣਗੇ। ਇਸ ਲਈ ਵ੍ਹਾਟਸਐਪ ਗਰੁੱਪ ਬਣਾਇਆ ਗਿਆ ਹੈ ਅਤੇ ਡਰਾਅ ਰਾਹੀਂ ਜੇਤੂ ਦੀ ਚੋਣ ਕਰਨ ਦੀ ਗੱਲ ਕਹੀ ਗਈ ਸੀ। ਤ੍ਰੇਹਨ ਮੁਤਾਬਕ ਉਨ੍ਹਾਂ ਨੇ 1,000 iPhone ਦਾ ਆਰਡਰ ਦਿੱਤਾ ਹੈ ਅਤੇ ਪਹਿਲੇ ਦਿਨ 10 ਮੋਬਾਈਲ ਦਿੱਤੇ ਜਾਣੇ ਸਨ।

ਪ੍ਰਸ਼ਾਸਨ ਵੱਲੋਂ ਰੋਕ ਲਗਾਏ ਜਾਣ ਤੋਂ ਬਾਅਦ ਤ੍ਰੇਹਨ ਨੇ ਕਿਹਾ ਕਿ ਉਹ ਲੋਕਾਂ ਦੀ ਭੀੜ ਇਕੱਠੀ ਨਹੀਂ ਕਰਨਗੇ। ਉਨ੍ਹਾਂ ਮੁਤਾਬਕ ਡਰਾਅ ਮੀਡੀਆ ਦੀ ਮੌਜੂਦਗੀ ਵਿੱਚ ਕੱਢਿਆ ਜਾਵੇਗਾ ਅਤੇ ਜੇਤੂ ਮਹਿਲਾ ਨੂੰ ਉਸ ਦੇ ਘਰ ਜਾ ਕੇ iPhone ਦਿੱਤਾ ਜਾਵੇਗਾ।

ਰਾਕੇਸ਼ ਤ੍ਰੇਹਨ ਸੋਸ਼ਲ ਮੀਡੀਆ ’ਤੇ ‘ਰਾਜਾ ਦੀ ਕਿੰਗ’ ਦੇ ਨਾਂ ਨਾਲ ਜਾਣੇ ਜਾਂਦੇ ਹਨ ਅਤੇ ਮੂਲ ਰੂਪ ਵਿੱਚ ਅੰਮ੍ਰਿਤਸਰ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਕੱਪੜੇ ਦੇ ਕਾਰੋਬਾਰੀ ਸਨ। ਤ੍ਰੇਹਨ ਦਾ ਕਾਰੋਬਾਰ ਡਿਜੀਟਲ ਕਰੰਸੀ, ਆਨਲਾਈਨ ਫਾਈਨੈਂਸ ਮਾਰਕੀਟ, ਰੀਅਲ ਅਸਟੇਟ ਅਤੇ ਪ੍ਰਾਪਰਟੀ ਡੀਲਿੰਗ ਨਾਲ ਜੁੜਿਆ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।