- ਵੇਚਣ ਲਈ ਬੱਚਾ ਕੀਤਾ ਕਿਡਨੈਪ, ਇੱਕ ਲੱਖ ‘ਚ ਹੋਇਆ ਸੀ ਸੌਦਾ
ਜਲੰਧਰ: , 21 ਸਤੰਬਰ 2026: ਜਲੰਧਰ ਵਿੱਚ ਅਗਵਾ ਕੀਤੇ ਗਏ 4 ਸਾਲਾ ਬੱਚੇ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੁਲਿਸ ਨੇ ਮਾਮਲੇ ਵਿੱਚ ਆਦਮਪੁਰ ਵਾਸੀ ਰਜਤ ਰੱਤੂ ਉਰਫ਼ ਰੌਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪੇਸ਼ੇ ਤੋਂ ਡਰਾਈਵਰ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਥਿਤ ਤੌਰ ’ਤੇ ਖੁਲਾਸਾ ਕੀਤਾ ਕਿ ਬੱਚੇ ਨੂੰ ₹1 ਲੱਖ ਵਿੱਚ ਵੇਚਣ ਦਾ ਸੌਦਾ ਕੀਤਾ ਗਿਆ ਸੀ ਅਤੇ ਇਸ ਲਈ ₹20 ਹਜ਼ਾਰ ਐਡਵਾਂਸ ਵੀ ਲਿਆ ਗਿਆ ਸੀ। ਪੁਲਿਸ ਦੀ ਨਾਕਾਬੰਦੀ ਕਾਰਨ ਮੁਲਜ਼ਮ ਨੂੰ ਬੱਚੇ ਨੂੰ ਜਲੰਧਰ ਬੱਸ ਸਟੈਂਡ ’ਤੇ ਛੱਡ ਕੇ ਫਰਾਰ ਹੋਣਾ ਪਿਆ।
ਜਾਣਕਾਰੀ ਅਨੁਸਾਰ ਅਗਵਾ ਕਰਨ ਤੋਂ ਬਾਅਦ ਮੁਲਜ਼ਮ ਕਰੀਬ 8 ਘੰਟਿਆਂ ਤੱਕ ਬੱਚੇ ਨੂੰ ਸਕੂਟੀ ’ਤੇ ਲੈ ਕੇ ਜਲੰਧਰ ਸ਼ਹਿਰ ਵਿੱਚ ਘੁੰਮਦਾ ਰਿਹਾ। ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ਵਿੱਚ ਮੁਲਜ਼ਮ ਬੱਚੇ ਨੂੰ ਸਕੂਟੀ ’ਤੇ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ।
ਸਾਥੀ ਦੀ ਭਾਲ ਲਈ ਛਾਪੇਮਾਰੀ
ਡੀਸੀਪੀ ਮੁਤਾਬਕ ਰਜਤ ਰੌਕੀ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਕਥਿਤ ਤੌਰ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਵੱਲੋਂ ਉਸ ਦੇ ਸਾਥੀ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਉਨ੍ਹਾਂ ਲੋਕਾਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ, ਜਿਨ੍ਹਾਂ ਨੂੰ ਬੱਚਾ ਵੇਚੇ ਜਾਣ ਦਾ ਦੋਸ਼ ਹੈ। ਹਾਲਾਂਕਿ ਪੁਲਿਸ ਵੱਲੋਂ ਉਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ।
ਪਛਾਣ ਲੁਕਾਉਣ ਲਈ ਕੱਪੜੇ ਬਦਲੇ
ਪੁਲਿਸ ਮੁਤਾਬਕ ਅਗਵਾ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਆਪਣੀ ਪਛਾਣ ਲੁਕਾਉਣ ਲਈ ਕੱਪੜੇ ਬਦਲੇ ਅਤੇ ਬੱਚੇ ਦਾ ਹੂਲੀਆ ਬਦਲਣ ਦੀ ਵੀ ਕੋਸ਼ਿਸ਼ ਕੀਤੀ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਬਦਲੇ ਹੋਏ ਕੱਪੜੇ ਵੀ ਬਰਾਮਦ ਕਰ ਲਏ ਹਨ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।








