ਪੰਜਾਬ ’ਚ ਦਰਦਨਾਕ ਸੜਕ ਹਾਦਸਾ: ਬੱਚੇ ਸਮੇਤ 3 ਲੋਕਾਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
ਮੋਗਾ 22 ਸਤੰਬਰ 2026
ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਵਿੱਚ ਐਤਵਾਰ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਇੱਕ 8 ਸਾਲਾ ਬੱਚੇ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਵਿਅਕਤੀ ਜ਼ਖ਼ਮੀ ਹੋ ਗਏ। ਮੁੱਢਲੀ ਜਾਣਕਾਰੀ ਅਨੁਸਾਰ ਕਾਰ ਤੇਜ਼ ਰਫ਼ਤਾਰ ਵਿੱਚ ਸੀ ਅਤੇ ਚਾਲਕ ਵੱਲੋਂ ਸ਼ਰਾਬ ਪੀਤੀ ਹੋਣ ਦੀ ਗੱਲ ਸਾਹਮਣੇ ਆਈ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਪੰਜ ਵਿਅਕਤੀ ਸਵਾਰ ਸਨ। ਪਿੰਡ ਮੱਲਕੇ ਨੇੜੇ ਚਾਲਕ ਵੱਲੋਂ ਕਾਰ ’ਤੇ ਕਾਬੂ ਗੁਆਉਣ ਕਾਰਨ ਵਾਹਨ ਸੜਕ ਕਿਨਾਰੇ ਬਣੇ ਇੱਕ ਮਕਾਨ ਦੀ ਕੰਧ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਹਾਦਸੇ ਵਿੱਚ ਮਾੜੀ ਮੁਸਤਫ਼ਾ ਵਾਸੀ ਕੁਲਦੀਪ ਸਿੰਘ, ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੌਣੀ ਵਾਸੀ ਵਕੀਲ ਸਿੰਘ ਅਤੇ 8 ਸਾਲਾ ਗੁਰਕੀਰਤ ਦੀ ਮੌਤ ਹੋ ਗਈ। ਅਮ੍ਰਿਤਪਾਲ ਸਿੰਘ ਅਤੇ ਆਕਾਸ਼ਦੀਪ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਹਾਦਸੇ ਤੋਂ ਬਾਅਦ ਮੌਕੇ ਦੀ ਹੱਦ ਨੂੰ ਲੈ ਕੇ ਮੋਗਾ ਅਤੇ ਫਰੀਦਕੋਟ ਪੁਲਿਸ ਵਿਚਕਾਰ ਕਥਿਤ ਤੌਰ ’ਤੇ ਕਰੀਬ 10-11 ਘੰਟਿਆਂ ਤੱਕ ਸਥਿਤੀ ਸਪੱਸ਼ਟ ਨਾ ਹੋ ਸਕੀ। ਸੋਮਵਾਰ ਸਵੇਰੇ ਥਾਣਾ ਸਮਾਲਸਰ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਹਾਦਸੇ ਨਾਲ ਸਬੰਧਤ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।








