BREAKING- ਪੰਜਾਬ ਨਾਲ ਫੰਡਾਂ ਦੇ ਮਾਮਲੇ ’ਚ ਭੇਦਭਾਵ ਦੇ ਦੋਸ਼ ਨਿਰਮਲਾ ਸੀਤਾਰਮਨ ਨੇ ਨਕਾਰੇ

Top Trending News ਪੰਜਾਬ ਰਾਸ਼ਟਰੀ

 

BREAKING- ਪੰਜਾਬ ਨਾਲ ਫੰਡਾਂ ਦੇ ਮਾਮਲੇ ’ਚ ਭੇਦਭਾਵ ਦੇ ਦੋਸ਼ ਨਿਰਮਲਾ ਸੀਤਾਰਮਨ ਨੇ ਨਕਾਰੇ

ਕਿਹਾ- ਸੂਬਿਆਂ ਨੂੰ ਹੱਕ ਮੁਤਾਬਕ ਸਮੇਂ ਸਿਰ ਮਿਲਦੇ ਹਨ ਫੰਡ, ਚੋਣਾਂ ਨੇੜੇ ਆਉਣ ਕਾਰਨ ‘ਬੇਬੁਨਿਆਦ’ ਦੋਸ਼ ਲਗਾ ਰਹੀ ਪੰਜਾਬ ਸਰਕਾਰ

ਚੰਡੀਗੜ੍ਹ, 22 ਸਤੰਬਰ 2026: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਕੇਂਦਰ ’ਤੇ ਸੂਬੇ ਨਾਲ ਫੰਡਾਂ ਦੀ ਵੰਡ ਵਿੱਚ ਭੇਦਭਾਵ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਮੁਤਾਬਕ ਫੰਡ ਜਾਰੀ ਕੀਤੇ ਜਾਂਦੇ ਹਨ ਅਤੇ ਅਦਾਇਗੀਆਂ ਸਮੇਂ ਸਿਰ ਕੀਤੀਆਂ ਜਾਂਦੀਆਂ ਹਨ।

21 ਸਤੰਬਰ ਨੂੰ ਦੋਸ਼ਾਂ ਬਾਰੇ ਪ੍ਰਤੀਕਿਰਿਆ ਦਿੰਦਿਆਂ ਸੀਤਾਰਮਨ ਨੇ ਕਿਹਾ ਕਿ ਕਿਸੇ ਵੀ ਸੂਬੇ ਨਾਲ ਅਜਿਹਾ ਵਿਵਹਾਰ ਨਹੀਂ ਕੀਤਾ ਜਾਂਦਾ, ਜਿਸ ਕਾਰਨ ਉਸ ਨੂੰ ਵਿੱਤੀ ਨੁਕਸਾਨ ਜਾਂ ਬੇਲੋੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸੂਬਿਆਂ ਦੇ ਹੱਕ ਅਨੁਸਾਰ ਫੰਡਾਂ ਵਿੱਚ ਕੋਈ ਕਟੌਤੀ ਜਾਂ ਕਮੀ ਨਹੀਂ ਕੀਤੀ ਜਾਂਦੀ।

ਵਿੱਤ ਮੰਤਰੀ ਨੇ ਕੇਂਦਰ ਵੱਲੋਂ ਸੂਬਿਆਂ ਨੂੰ ਸਮੇਂ ਸਿਰ ਭੁਗਤਾਨ ਕੀਤੇ ਜਾਣ ਦਾ ਦਾਅਵਾ ਕਰਦਿਆਂ ਪੰਜਾਬ ਸਰਕਾਰ ਦੇ ਭੇਦਭਾਵ ਸਬੰਧੀ ਦੋਸ਼ਾਂ ਨੂੰ ‘ਬੇਬੁਨਿਆਦ’ ਕਰਾਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਚੋਣਾਂ ਨੇੜੇ ਆਉਣ ਕਾਰਨ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ ਤਾਂ ਜੋ ਸਰਕਾਰ ਦੇ ਆਪਣੇ ਕੰਮਕਾਜ ਤੋਂ ਧਿਆਨ ਹਟਾਇਆ ਜਾ ਸਕੇ। ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਕੇਂਦਰੀ ਫੰਡਾਂ ਦੀ ਰਿਲੀਜ਼ ਅਤੇ ਵੰਡ ਨੂੰ ਲੈ ਕੇ ਸਿਆਸੀ ਤਕਰਾਰ ਲਗਾਤਾਰ ਜਾਰੀ ਹੈ।