- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ ’ਚ ਜਿੱਤਿਆ ਸੋਨ ਤਮਗਾ
- ਫਾਈਨਲ ’ਚ ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾਇਆ
ਨਵੀਂ ਦਿੱਲੀ, 22 ਸਤੰਬਰ (ਦੇਸ਼ ਕਲਿੱਕ ਬਿਊਰੋ): ਆਈਚੀ-ਨਾਗੋਯਾ ਏਸ਼ੀਆਈ ਖੇਡਾਂ 2026 ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੋਨ ਤਮਗਾ ਜਿੱਤ ਲਿਆ ਹੈ। ਮੰਗਲਵਾਰ, 22 ਸਤੰਬਰ ਨੂੰ ਨਿਸ਼ਿਨ ਦੇ ਕੋਰੋਗੀ ਸਪੋਰਟਸ ਪਾਰਕ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਦਿੱਤਾ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਸਾਹਮਣੇ 217 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ਵਿੱਚ ਸ੍ਰੀਲੰਕਾ ਦੀ ਪੂਰੀ ਟੀਮ 15.4 ਓਵਰਾਂ ਵਿੱਚ ਸਿਰਫ਼ 69 ਦੌੜਾਂ ’ਤੇ ਆਲਆਊਟ ਹੋ ਗਈ। ਇਸ ਦੇ ਨਾਲ ਹੀ ਮੌਜੂਦਾ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਆਪਣਾ ਪਹਿਲਾ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਭਾਰਤ ਦੇ ਖਾਤੇ ਵਿੱਚ 4 ਚਾਂਦੀ ਅਤੇ 2 ਕਾਂਸੀ ਦੇ ਤਮਗੇ ਸਨ।
ਲਗਾਤਾਰ ਦੂਜੀ ਵਾਰ ਗੋਲਡ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਹਾਂਗਝੋਉ ਏਸ਼ੀਆਈ ਖੇਡਾਂ 2022 ਵਿੱਚ ਵੀ ਸੋਨ ਤਮਗਾ ਜਿੱਤਿਆ ਸੀ। ਉਸ ਸਮੇਂ ਫਾਈਨਲ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ ਸੀ। ਹੁਣ ਭਾਰਤ ਨੇ ਲਗਾਤਾਰ ਦੂਜੀ ਵਾਰ ਏਸ਼ੀਆਈ ਖੇਡਾਂ ਵਿੱਚ ਮਹਿਲਾ ਕ੍ਰਿਕਟ ਦਾ ਸੋਨ ਤਮਗਾ ਆਪਣੇ ਨਾਮ ਕੀਤਾ ਹੈ।
ਮਹਿਲਾ ਕ੍ਰਿਕਟ ਮੁਕਾਬਲੇ ਵਿੱਚ ਪਾਕਿਸਤਾਨ ਨੇ ਕਾਂਸੀ ਦਾ ਤਮਗਾ ਜਿੱਤਿਆ। ਪਾਕਿਸਤਾਨ ਨੇ ਕਾਂਸੀ ਦੇ ਤਮਗੇ ਵਾਲੇ ਮੈਚ ਵਿੱਚ ਬੰਗਲਾਦੇਸ਼ ਨੂੰ 31 ਦੌੜਾਂ ਨਾਲ ਹਰਾਇਆ।
ਸ੍ਰੀਲੰਕਾ ਦੀ ਪਾਰੀ 69 ਦੌੜਾਂ ’ਤੇ ਸਿਮਟੀ
ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਟੀਮ ਨੇ ਸ਼ੁਰੂ ਤੋਂ ਹੀ ਲਗਾਤਾਰ ਵਿਕਟਾਂ ਗੁਆਈਆਂ ਅਤੇ ਉਹ ਮੁਕਾਬਲੇ ਵਿੱਚ ਵਾਪਸੀ ਨਹੀਂ ਕਰ ਸਕੀ। ਕਪਤਾਨ ਚਮਾਰੀ ਅਟਾਪੱਟੂ ਨੇ 21 ਗੇਂਦਾਂ ’ਤੇ 29 ਦੌੜਾਂ ਬਣਾਈਆਂ, ਜਿਸ ਵਿੱਚ 5 ਚੌਕੇ ਸ਼ਾਮਲ ਸਨ।
ਭਾਰਤ ਵੱਲੋਂ ਦੀਪਤੀ ਸ਼ਰਮਾ ਨੇ ਸਭ ਤੋਂ ਵੱਧ 3 ਵਿਕਟਾਂ ਹਾਸਲ ਕੀਤੀਆਂ। ਸ਼ੇਫਾਲੀ ਵਰਮਾ, ਸ਼੍ਰੇਯੰਕਾ ਪਾਟਿਲ ਅਤੇ ਸ਼੍ਰੀ ਚਰਣੀ ਨੇ 2-2 ਵਿਕਟਾਂ ਲਈਆਂ। ਦੌੜਾਂ ਦੇ ਫਰਕ ਦੇ ਲਿਹਾਜ਼ ਨਾਲ ਇਹ ਭਾਰਤੀ ਮਹਿਲਾ ਟੀਮ ਦੀ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਡੀ ਜਿੱਤ ਹੈ।








